ਛੱਤੀਸਗੜ੍ਹ: ਨਕਸਲੀਆਂ ਵਲੋਂ ਆਈ.ਈ.ਡੀ. ਧਮਾਕਾ, ਇਕ ਸਿਪਾਹੀ ਜ਼ਖ਼ਮੀ

ਰਾਏਪੁਰ, 13 ਅਕਤੂਬਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਅੱਜ ਨਕਸਲੀਆਂ ਵਲੋਂ ਲਗਾਏ ਗਏ ਇਕ ਆਈ.ਈ.ਡੀ. ਵਿਚ ਧਮਾਕਾ ਹੋਇਆ। ਇਸ ਘਟਨਾ ਵਿਚ ਇਕ ਸਿਪਾਹੀ ਜ਼ਖਮੀ ਹੋ ਗਿਆ। ਪੁਲਿਸ ਦੇ ਅਨੁਸਾਰ ਇਹ ਘਟਨਾ ਕੰਡਲਾਪਰਤੀ ਪਿੰਡ ਦੇ ਜੰਗਲ ਵਿਚ ਵਾਪਰੀ, ਜਿਥੇ ਸੁਰੱਖਿਆ ਬਲਾਂ ਦੀ ਇਕ ਟੀਮ ਤਲਾਸ਼ੀ ਮੁਹਿੰਮ ’ਤੇ ਸੀ।
ਇਸ ਤੋਂ ਪਹਿਲਾਂ 10 ਅਕਤੂਬਰ ਨੂੰ ਬੀਜਾਪੁਰ ਦੇ ਉਸੂਰ ਥਾਣਾ ਖੇਤਰ ਵਿਚ ਨਕਸਲੀਆਂ ਵਲੋਂ ਲਗਾਏ ਗਏ ਇਕ ਪ੍ਰੈਸ਼ਰ ਆਈ.ਈ.ਡੀ. ਧਮਾਕੇ ਵਿਚ ਸੀ.ਆਰ.ਪੀ.ਐਫ਼. ਦੀ ਕੋਬਰਾ ਬਟਾਲੀਅਨ ਦਾ ਇਕ ਕਮਾਂਡੋ ਜ਼ਖਮੀ ਹੋ ਗਿਆ ਸੀ। ਇਸ ਤੋਂ ਪਹਿਲਾਂ 9 ਅਕਤੂਬਰ ਨੂੰ ਗੰਗਲੂਰ ਖੇਤਰ ਵਿਚ ਇਸੇ ਤਰ੍ਹਾਂ ਦੇ ਧਮਾਕੇ ਵਿਚ ਇਕ ਬੱਚਾ ਜ਼ਖਮੀ ਹੋ ਗਿਆ ਸੀ।