ਕਰੂਰ ਭਗਦੜ: ਸੁਪਰੀਮ ਕੋਰਟ ਨੇ ਸੀ.ਬੀ.ਆਈ. ਜਾਂਚ ਦੇ ਦਿੱਤੇ ਹੁਕਮ

ਨਵੀਂ ਦਿੱਲੀ, 13 ਅਕਤੂਬਰ- ਟੀ.ਵੀ.ਕੇ. ਨੇ ਤਾਮਿਲਨਾਡੂ ਦੇ ਕਰੂਰ ਵਿਚ ਅਦਾਕਾਰ-ਰਾਜਨੇਤਾ ਵਿਜੇ ਦੀ ਰੈਲੀ ਦੌਰਾਨ ਹੋਈ ਭਗਦੜ ਦੀ ਸੁਤੰਤਰ ਜਾਂਚ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ ਇਸ ਪਟੀਸ਼ਨ ’ਤੇ ਆਪਣਾ ਫੈਸਲਾ ਸੁਣਾਇਆ ਹੈ ਅਤੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦਾ ਆਦੇਸ਼ ਦਿੱਤਾ ਹੈ। ਟੀ.ਵੀ.ਕੇ. ਨੇ ਮੰਗ ਕੀਤੀ ਸੀ ਕਿ ਭਗਦੜ ਦੀ ਜਾਂਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਨਿਗਰਾਨੀ ਹੇਠ ਕੀਤੀ ਜਾਵੇ, ਕਿਉਂਕਿ ਪਾਰਟੀ ਨੇ ਕਿਹਾ ਸੀ ਕਿ ਤਾਮਿਲਨਾਡੂ ਪੁਲਿਸ ਦੁਆਰਾ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਜਨਤਾ ਦਾ ਵਿਸ਼ਵਾਸ ਨਹੀਂ ਬਣਾਏਗੀ। ਪਾਰਟੀ ਨੇ ਇਹ ਵੀ ਦੋਸ਼ ਲਗਾਇਆ ਕਿ ਭਗਦੜ ਇਕ ਪਹਿਲਾਂ ਤੋਂ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਹੋ ਸਕਦੀ ਹੈ।
ਟੀ.ਵੀ.ਕੇ. ਦੀ ਬੇਨਤੀ ਤੋਂ ਬਾਅਦ ਸੁਪਰੀਮ ਕੋਰਟ ਨੇ ਕਰੂਰ ਭਗਦੜ ਦੀ ਸੀ.ਬੀ.ਆਈ. ਜਾਂਚ ਦੀ ਨਿਗਰਾਨੀ ਕਰਨ ਵਾਲੀ ਕਮੇਟੀ ਦੀ ਅਗਵਾਈ ਕਰਨ ਲਈ ਸਾਬਕਾ ਜੱਜ ਅਜੈ ਰਸਤੋਗੀ ਨੂੰ ਨਿਯੁਕਤ ਕੀਤਾ। ਟੀ.ਵੀ.ਕੇ. ਦੇ ਸਕੱਤਰ ਅਧਵ ਅਰਜੁਨ ਨੇ ਇਹ ਪਟੀਸ਼ਨ ਸੁਪਰੀਮ ਕੋਰਟ ਵਿਚ ਦਾਇਰ ਕੀਤੀ। ਪਹਿਲਾਂ ਮਦਰਾਸ ਹਾਈ ਕੋਰਟ ਨੇ ਇਕ ਐਸ.ਆਈ.ਟੀ. ਬਣਾਈ ਸੀ, ਜਿਸ ਨੂੰ ਟੀ.ਵੀ.ਕੇ. ਨੇ ਚੁਣੌਤੀ ਦਿੱਤੀ ਸੀ।
ਭਗਦੜ ਤੋਂ ਤੁਰੰਤ ਬਾਅਦ ਵਿਵਾਦ ਅਤੇ ਜਵਾਬੀ ਦੋਸ਼ ਸ਼ੁਰੂ ਹੋ ਗਏ। ਕਰੂਰ ਪੁਲਿਸ ਨੇ ਟੀ.ਵੀ.ਕੇ. ਦੇ ਕਰੂਰ (ਉੱਤਰੀ) ਜ਼ਿਲ੍ਹਾ ਸਕੱਤਰ ਮਧਿਆਝਗਨ, ਜਨਰਲ ਸਕੱਤਰ ਬਸੀ ਆਨੰਦ ਅਤੇ ਸੰਯੁਕਤ ਜਨਰਲ ਸਕੱਤਰ ਸੀ.ਟੀ.ਆਰ. ਨਿਰਮਲ ਕੁਮਾਰ ਵਿਰੁੱਧ ਐਫ਼.ਆਈ.ਆਰ. ਦਰਜ ਕੀਤੀ ਹੈ, ਜਿਸ ਵਿਚ ਉਨ੍ਹਾਂ ’ਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਦੂਜਿਆਂ ਦੀ ਜਾਨ ਨੂੰ ਖਤਰੇ ਵਿਚ ਪਾਉਣ ਦੇ ਦੋਸ਼ ਲਗਾਏ ਗਏ ਹਨ।