ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਵਜੋਂ ਦਾਅਵਾ ਪੇਸ਼

ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਅਜਨਾਲਾ)-ਕਾਂਗਰਸੀ ਪਾਰਟੀ ਪ੍ਰਤੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾਅ ਰਹੇ ਪਾਰਟੀ ਦੇ ਮਿਹਨਤੀ, ਜੁਝਾਰੂ ਅਤੇ ਅਗਾਂਹਵਧੂ ਸੋਚ ਦੇ ਮਾਲਕ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨਗੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਪੇਸ਼ ਕਰਦਿਆਂ ਦਾਅਵੇਦਾਰੀ ਦਾ ਪੱਤਰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਨਿਯੁਕਤ ਆਬਜ਼ਰਵਰ ਡਾ. ਸੀ.ਪੀ ਜੋਸ਼ੀ ਨੂੰ ਸੌਂਪਿਆ ਗਿਆ।
ਜ਼ਿਕਰਯੋਗ ਹੈ ਕਿ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਹੋਣਹਾਰ ਸਪੁੱਤਰ ਤੇ ਕਾਂਗਰਸੀ ਆਗੂ ਕੰਵਰਪ੍ਰਤਾਪ ਸਿੰਘ ਅਜਨਾਲਾ ਇਸ ਸਮੇਂ ਦੀ ਅੰਮ੍ਰਿਤਸਰ ਸਹਿਕਾਰੀ ਬੈਂਕ ਦੇ ਡਾਇਰੈਕਟਰ ਦੇ ਨਾਲ-ਨਾਲ ਕਾਂਗਰਸ ਕਮੇਟੀ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਵਜੋਂ ਕੰਮ ਰਹੇ ਹਨ। ਆਪਣੇ ਦਾਦੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਤੇ ਸਾਬਕਾ ਸਪੀਕਰ ਸਵ: ਸ. ਹਰਚਰਨ ਸਿੰਘ ਅਜਨਾਲਾ ਦੀ ਗੁੜ੍ਹਤੀ ਪ੍ਰਾਪਤ ਕੰਵਰਪ੍ਰਤਾਪ ਸਿੰਘ ਅਜਨਾਲਾ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਇਕ ਨਿਮਾਣੇ ਆਗੂ ਵਜੋਂ ਵਿਚਰਦੇ ਹੋਏ, ਜਿਥੇ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੀ ਸੇਵਾ ਵਿਚ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ, ਉਥੇ ਹੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵੀ ਉਨ੍ਹਾਂ ਵਲੋਂ ਲਗਾਤਾਰ ਦਿਨ-ਰਾਤ ਇਕ ਕੀਤਾ ਜਾ ਰਿਹਾ ਹੈ। ਯੂਥ ਕਾਂਗਰਸੀ ਆਗੂ ਜੁਗਰਾਜ ਸਿੰਘ ਰਿਆੜ, ਹਰਪਾਲ ਸਿੰਘ ਗਗਨ ਢਿੱਲੋਂ ਸਮੇਤ ਹੋਰਨਾਂ ਨੇ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਦੀ ਦਾਅਵੇਦਾਰੀ ਪੇਸ਼ ਕਰਨ ਦਾ ਸਮਰਥਨ ਕਰਦਿਆਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਕੋਲੋਂ ਮੰਗ ਕੀਤੀ ਕਿ ਕੰਵਰਪ੍ਰਤਾਪ ਸਿੰਘ ਅਜਨਾਲਾ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਵਜੋਂ ਜ਼ਿੰਮੇਵਾਰੀ ਸੌਂਪੀ ਜਾਵੇI