ਡਾ. ਉਪਿੰਦਰਜੀਤ ਕੌਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਲਈ 13 ਲੱਖ ਰੁਪਏ ਦਿੱਤੇ

ਕਪੂਰਥਲਾ/ਸੁਲਤਾਨਪੁਰ ਲੋਧੀ, 10 ਸਤੰਬਰ (ਅਮਰਜੀਤ ਕੋਮਲ, ਨਰੇਸ਼ ਹੈਪੀ, ਥਿੰਦ)-ਪੰਜਾਬੀਆਂ ਨੂੰ ਹੜ੍ਹ ਦੌਰਾਨ ਪੀੜਤ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕਰਨੀ ਚਾਹੀਦੀ ਹੈ। ਇਸ ਗੱਲ ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਸੁਲਤਾਨਪੁਰ ਲੋਧੀ ਹਲਕੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਮੰਡ ਖਿਜਰਪੁਰ, ਬਾਜਾ, ਆਹਲੀ ਕਲਾਂ, ਆਹਲੀ ਖੁਰਦ, ਹੁਸੈਨਪੁਰ ਬੂਲੇ, ਮੰਡ ਦੇ ਟਾਪੂਨੁਮਾ ਪਿੰਡਾਂ ਬਾਊਪੁਰ ਜਦੀਦ, ਸਾਂਗਰਾ, ਪੱਸਣ ਕਦੀਮ, ਭਰੋਆਣਾ, ਬਾਘੂਵਾਲ, ਕੰਮੇਵਾਲ ਆਦਿ ਖੇਤਰਾਂ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲਗਭਗ 13 ਲੱਖ ਰੁਪਏ ਸਵੈ ਇੱਛਾ ਨਾਲ ਵੱਖ-ਵੱਖ ਕਾਰਜਾਂ ਲਈ ਭੇਟ ਕਰਨ ਉਪਰੰਤ ਕਹੀ।
ਉਨ੍ਹਾਂ ਕਿਹਾ ਕਿ ਇਸ ਬਿਪਤਾ ਦੀ ਘੜੀ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹਲਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਜੀਵਨ ਦੀ ਪਟੜੀ ਲੀਹ 'ਤੇ ਲਿਆਉਣ ਲਈ ਮਦਦ ਕਰਨੀ ਚਾਹੀਦੀ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਉਹ ਹਲਕੇ ਦੇ ਮੁੜ ਨਿਰਮਾਣ ਲਈ ਰਾਊਂਡ ਗਲਾਸ ਫਾਊਂਡੇਸ਼ਨ ਦੇ ਪ੍ਰਤੀਨਿਧਾਂ ਨਾਲ ਵੀ ਇਕ ਮੀਟਿੰਗ ਕਰ ਚੁੱਕੇ ਹਨ ਤੇ ਅਗਲੇ ਪੜਾਅ ਦੌਰਾਨ ਉਹ ਹੜ੍ਹ ਪ੍ਰਭਾਵਿਤ ਖੇਤਰ ਵਿਚ ਕੁਝ ਵੱਡਾ ਕਰਨ ਬਾਰੇ ਸੋਚ ਰਹੇ ਹਨ। ਉਨ੍ਹਾਂ ਮੰਡ ਖਿਜਰਪੁਰ ਵਿਚ ਇਲਾਕੇ ਦੇ ਲੋਕਾਂ ਵਲੋਂ ਆਪਣੀਆਂ ਹਰੀਆਂ ਭਰੀਆਂ ਫ਼ਸਲਾਂ ਬਚਾਉਣ ਲਈ ਬਣਾਏ ਗਏ ਆਰਜ਼ੀ ਬੰਨ੍ਹ ਦੀ ਮਜ਼ਬੂਤੀ ਲਈ ਰੇਸ਼ਮ ਸਿੰਘ ਮੰਗੂਪੁਰ, ਹੁਕਮ ਸਿੰਘ ਨੂਰੋਵਾਲ ਤੇ ਉਨ੍ਹਾਂ ਦੇ ਸਾਥੀਆਂ ਨੂੰ 1 ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਉਨ੍ਹਾਂ ਕਿਹਾ ਕਿ ਹੜ੍ਹ ਮਾਰੇ ਖੇਤਰ ਦੇ ਲੋਕ ਅਜੇ ਵੀ ਬਹੁਤ ਦੁਸ਼ਵਾਰੀਆਂ ਵਿਚੋਂ ਗੁਜ਼ਰ ਰਹੇ ਹਨ ਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਉਹ ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਵਿਚ ਬਣਦਾ ਯੋਗਦਾਨ ਪਾ ਸਕਣ।
ਇਸ ਮੌਕੇ ਰੇਸ਼ਮ ਸਿੰਘ ਮੰਗੂਪੁਰ ਸੇਵਾ ਮੁਕਤ ਅੰਕੜਾ ਅਧਿਕਾਰੀ, ਸਾਬਕਾ ਸਰਪੰਚ ਸੁਰਿੰਦਰ ਸਿੰਘ ਮੰਗੂਪੁਰ, ਹੁਕਮ ਸਿੰਘ ਨੂਰੋਵਾਲ ਤੇ ਹੋਰ ਆਗੂਆਂ ਨੇ ਡਾ. ਉਪਿੰਦਰਜੀਤ ਕੌਰ ਵਲੋਂ ਆਰਜ਼ੀ ਬੰਨ੍ਹ ਦੀ ਮਜ਼ਬੂਤੀ ਵਿਚ ਯੋਗਦਾਨ ਪਾਏ ਜਾਣ ਦੀ ਸ਼ਲਾਘਾ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਸ਼ਨ ਸਿੰਘ ਵਾਲਾ ਤੋਂ ਪਿੰਡ ਅੰਮ੍ਰਿਤਸਰ ਤੇ ਮੰਡ ਖਿਜਰਪੁਰ ਤੋਂ ਪੱਸਣ ਕਦੀਮ ਤੱਕ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਰਾਜ ਦੌਰਾਨ 2 ਐਡਵਾਂਸ ਬੰਨ੍ਹ ਬਣਾਏ, ਜਿਸ ਸਦਕਾ ਇਸ ਖੇਤਰ ਦੀ ਕਿਸਾਨਾਂ ਦੀ 16 ਹਜ਼ਾਰ ਤੋਂ ਵੱਧ ਏਕੜ ਜ਼ਮੀਨ ਪਾਣੀ ਦੀ ਮਾਰ ਤੋਂ ਬਚ ਸਕੀ ਤੇ ਇਨ੍ਹਾਂ ਐਡਵਾਂਸ ਬੰਨ੍ਹਾਂ ਸਦਕਾ ਹੀ ਅੱਜ ਸੁਲਤਾਨਪੁਰ ਲੋਧੀ ਹਲਕੇ ਦੇ ਬਾਹਰੀ ਖੇਤਰ ਦੇ ਲੋਕ ਹੜ੍ਹ ਦੀ ਮਾਰ ਤੋਂ ਬੱਚ ਸਕਦੇ ਹਨ। ਉਨ੍ਹਾਂ ਕਿਹਾ ਕਿ ਡਾ. ਉਪਿੰਦਰਜੀਤ ਕੌਰ ਵਲੋਂ ਹਲਕੇ ਦੇ ਸਰਵਪੱਖੀ ਵਿਕਾਸ ਲਈ ਕੀਤੇ ਗਏ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਇਸ ਦੌਰਾਨ ਪਿੰਡਾਂ ਦੇ ਲੋਕਾਂ ਨੇ ਡਾ. ਉਪਿੰਦਰਜੀਤ ਕੌਰ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ, ਸੇਵਾ ਮੁਕਤ ਡੀ.ਐਸ.ਪੀ. ਪਿਆਰਾ ਸਿੰਘ, ਬੀਬੀ ਦਲਜਿੰਦਰ ਕੌਰ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਬੂਲੇ, ਬਲਵਿੰਦਰ ਸਿੰਘ ਤੁੜ ਤਲਵੰਡੀ ਚੌਧਰੀਆਂ, ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ, ਕੀਰਤਨਪਾਲ ਸਿੰਘ ਤਲਵੰਡੀ ਚੌਧਰੀਆਂ, ਕਾਲਾ ਤਲਵੰਡੀ ਚੌਧਰੀਆਂ ਸਮੇਤ ਹੋਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਧੰਜੂ, ਨੰਬਰਦਾਰ ਹਰਮਨਜੀਤ ਸਿੰਘ ਨੂਰੋਵਾਲ, ਕੁਲਵੰਤ ਸਿੰਘ ਨੂਰੋਵਾਲ, ਬਾਬਾ ਬਹਾਦਰ ਸਿੰਘ ਨੂਰੋਵਾਲ, ਸਾਬਕਾ ਸਰਪੰਚ ਅਨੋਖ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ ਮੰਗੂਪੁਰ, ਲਾਭ ਸਿੰਘ ਮੰਗੂਪੁਰ, ਰੂਪਾ ਸਿੰਘ, ਬਿੱਲਾ ਨੰਬਰਦਾਰ, ਹਰਭਜਨ ਸਿੰਘ ਮੰਗੂਪੁਰ, ਸਤਨਾਮ ਸਿੰਘ ਮੁੱਤੀ, ਹਰਪ੍ਰੀਤ ਸਿੰਘ ਮੁੱਤੀ, ਬੀਬੀ ਬਲਜੀਤ ਕੌਰ ਕਮਾਲਪੁਰ ਤੋਂ ਇਲਾਵਾ ਇਲਾਕੇ ਦੀਆਂ ਹੋਰ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।