ਪ੍ਰਵਾਸੀ ਮਜ਼ਦੂਰ ਵਲੋਂ 5 ਸਾਲਾ ਬੱਚੇ ਦਾ ਕਤਲ
.jpg)
ਹੁਸ਼ਿਆਰਪੁਰ, 10 ਸਤੰਬਰ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਨਿਊ ਦੀਪ ਨਗਰ ਤੋਂ ਬੀਤੇ ਦਿਨ 5 ਸਾਲਾ ਬੱਚੇ ਨੂੰ ਅਗਵਾ ਕਰਨ ਦੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਲੋਂ ਵੱਖ-ਵੱਖ ਤਕਨੀਕੀ ਪੱਖ ਅਪਣਾ ਕੇ ਬੀਤੀ ਰਾਤ ਹੀ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਦੀ ਨਿਸ਼ਾਨਦੇਹੀ ’ਤੇ ਅੱਜ ਪੁਲਿਸ ਨੇ ਹੁਸ਼ਿਆਰਪੁਰ ਦੀ ਰਹੀਮਪੁਰ ਮੰਡੀ ਨਜ਼ਦੀਕ ਸਥਿਤ ਸ਼ਮਸ਼ਾਨਘਾਟ ’ਚੋਂ ਬੱਚੇ ਦੀ ਲਾਸ਼ ਬਰਾਮਦ ਕਰ ਲਈ, ਜਿਸ ਦਾ ਪਤਾ ਲਗਦਿਆਂ ਹੀ ਬੱਚੇ ਦੇ ਮਾਤਾ-ਪਿਤਾ ਤੇ ਮੁਹੱਲਾ ਵਾਸੀ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਬੱਚੇ ਦੀ ਪਛਾਣ ਕੀਤੀ। ਮੌਕੇ ’ਤੇ ਪਹੁੰਚੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬੀਤੀ ਸ਼ਾਮ ਇਕ 5 ਸਾਲਾ ਬੱਚੇ ਹਰਬੀਰ ਸਿੰਘ ਦੇ ਅਗਵਾ ਕੀਤੇ ਜਾਣ ਦੀ ਖ਼ਬਰ ਮਿਲਣ ’ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖਣ ਤੋਂ ਬਾਅਦ ਹੋਰ ਤਕਨੀਕੀ ਸਾਧਨ ਅਪਣਾ ਕੇ ਕਥਿਤ ਦੋਸ਼ੀ ਦਾ ਪਿੱਛਾ ਕਰਦਿਆਂ ਉਸ ਨੂੰ ਨਸ਼ੇ ਦੀ ਹਾਲਤ ’ਚ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਯਾਦਵ ਇਕ ਪ੍ਰਵਾਸੀ ਮਜ਼ਦੂਰ ਸੀ, ਜਿਸ ਨੇ ਬੱਚੇ ਨੂੰ ਇਕ ਸਕੂਟਰੀ ’ਤੇ ਅਗਵਾ ਕੀਤਾ ਸੀ।