ਮੁਹਾਲੀ ਵਿਖੇ ਐੱਚ. ਡੀ. ਐੱਫ. ਸੀ. ਬੈਂਕ ਦੀ ਬਰਾਂਚ ਅੰਦਰ ਇਕ ਵਿਅਕਤੀ ਵਲੋਂ ਗੋਲੀ ਮਾਰ ਕੇ ਖੁਦਕੁਸ਼ੀ

ਐੱਸ. ਏ. ਐੱਸ. ਨਗਰ, 9 ਸਤੰਬਰ (ਕਪਿਲ ਵਧਵਾ) - ਮੁਹਾਲੀ ਦੇ ਥਾਣਾ ਫੇਜ਼-8 ਅਧੀਨ ਪੈਂਦੇ ਸੈਕਟਰ-68 ਵਿਖੇ ਐੱਚ. ਡੀ. ਐੱਫ. ਸੀ. ਬੈਂਕ ਦੀ ਬਰਾਂਚਅੰਦਰ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਜਦੀਪ ਸਿੰਘ ਵਜੋਂ ਹੋਈ ਹੈ। ਜੋ ਕਿ ਬੀਤੇ ਕੁਝ ਸਾਲਾਂ ਤੋਂ ਮੁਹਾਲੀ ਦੇ ਹੀ ਫੇਜ਼-11 ਵਿਖੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਇਹ ਘਟਨਾ ਕਰੀਬ ਢਾਈ ਤੋਂ ਪੌਣੇ ਤਿੰਨ ਦੇ ਵਿਚਕਾਰ ਵਾਪਰੀ ਹੈ। ਸੂਤਰਾਂ ਅਨੁਸਾਰ ਰਾਜਦੀਪ ਸਿੰਘ ਦੁਪਹਿਰ ਨੂੰ ਬੈਂਕ ਦੀ ਬਰਾਂਚ ਵਿਖੇ ਆਪਣੇ ਦੋ ਸਾਥੀਆਂ ਨਾਲ ਆਉਂਦਾ ਹੈ। ਜਿਸ ਤੋਂ ਬਾਅਦ ਉਹ ਬਰਾਂਚ ਅੰਦਰਲੇ ਬਾਥਰੂਮ ਵਿਚ ਜਾਂਦਾ ਹੈ, ਕੁਝ ਹੀ ਦੇਰ ਬਾਅਦ ਉੱਥੇ ਮੌਜੂਦ ਵਿਅਕਤੀਆਂ ਨੂੰ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ।
ਉਸ ਦੇ ਸਾਥੀਆਂ ਨੇ ਜਦੋਂ ਬਾਥਰੂਮ ਅੰਦਰ ਜਾ ਕੇ ਦੇਖਿਆ ਤਾਂ ਰਾਜਦੀਪ ਸਿੰਘ ਖੂਨ ਨਾਲ ਲੱਥਪਤ ਹੋਇਆ ਪਿਆ ਸੀ ਅਤੇ ਉਸ ਦੇ ਨਜ਼ਦੀਕ ਇਕ ਪਿਸਤੌਲ ਪਈ ਹੋਈ ਸੀ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਫੇਜ਼-8 ਦੀ ਪੁਲਿਸ ਮੌਕੇ 'ਤੇ ਪੁੱਜੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ।