ਪਿੰਡ ਫੱਸਿਆ ਕੋਲ ਸਤਲੁਜ ਦਰਿਆ ਕੰਢੇ ਲਗਾਏ ਰੇਤ ਨਾਲ ਭਰੇ ਥੈਲੇ ਹੇਠਾਂ ਡਿੱਗੇ, ਪਾਣੀ ਦਾ ਪੱਧਰ ਵਧਿਆ

ਮਾਛੀਵਾੜਾ ਸਾਹਿਬ, 4 ਸਤੰਬਰ (ਮਨੋਜ ਕੁਮਾਰ)-ਪਿੰਡ ਫੱਸਿਆ ਜਿਹੜਾ ਕਿ ਬੇਟ ਖੇਤਰ ਵਿਚ ਬਾਬਾ ਫਲਾਹੀ ਚੌਕ ਤੋਂ ਅੱਗੇ ਰਸਤੇ ਵਿਚ ਪੈਂਦਾ ਹੈ, ਕੁਝ ਮਿੰਟ ਪਹਿਲਾਂ ਉਥੋਂ ਦੇ ਤਾਜ਼ਾ ਹਾਲਾਤ ਬੇਹੱਦ ਡਰਾਉਣ ਵਾਲੇ ਬਣ ਗਏ ਹਨ। ਹੁਣ ਤੱਕ ਦੀ ਤਾਜ਼ਾ ਸਥਿਤੀ ਵਿਚ ਜਿਸ ਪੂਰੇ ਜੋਸ਼ ਤੇ ਮਿਹਨਤ ਨਾਲ ਸੈਂਕੜੇ ਨੌਜਵਾਨਾਂ ਨੇ ਮਿੱਟੀ ਨਾਲ ਭਰੇ ਥੈਲੇ ਕਈ-ਕਈ ਫੁੱਟ ਲਗਾਏ ਸਨ, ਉਹ ਪਾਣੀ ਦਾ ਪੱਧਰ ਵਧਣ ਕਰਕੇ ਹੇਠਾਂ ਡਿੱਗ ਗਏ ਹਨ ਤੇ ਸਤਲੁਜ ਵਿਚ ਪਾਣੀ ਦਾ ਪੱਧਰ ਸਵੇਰ ਦੇ ਮੁਕਾਬਲੇ ਕਾਫੀ ਵਧਿਆ ਨਜ਼ਰ ਆ ਰਿਹਾ ਹੈ। ਰਾਤ ਪੈਣ ਨਾਲ ਹਾਲਾਂਕਿ ਬਚਾਅ ਕਾਰਜਾਂ ਵਿਚ ਮੁਸ਼ਕਿਲ ਆ ਸਕਦੀ ਹੈ ਪਰ ਇਸ ਮੌਕੇ ਪ੍ਰਸ਼ਾਸਨ ਦਾ ਪੂਰਾ ਮੁਸਤੈਦੀ ਭਰਿਆ ਸਾਥ ਸਥਿਤੀ ਨੂੰ ਕਾਫੀ ਹੱਦ ਤੱਕ ਸੰਭਾਲ ਸਕਦਾ ਹੈ। ਫਿਲਹਾਲ ਪਿਛਲੇ ਕਈ ਦਿਨਾਂ ਤੋਂ ਨੌਜਵਾਨਾਂ ਨੇ ਆਪਣੇ ਜੋਸ਼ ਨਾਲ ਇਸ ਜਗ੍ਹਾ ਤੋਂ ਪਾਣੀ ਦੇ ਤੇਜ਼ ਵਹਾਅ ਨੂੰ ਰੋਕਣ ਲਈ ਕਾਫੀ ਮਿਹਨਤ ਕੀਤੀ ਹੋਈ ਹੈ।