ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਇਸ ਸੀਜ਼ਨ ਦੇ ਉੱਚਤਮ ਪੱਧਰ ’ਤੇ

ਹਰੀਕੇ ਪੱਤਣ , ਮੱਖੂ (ਤਰਨਤਾਰਨ/ਫ਼ਿਰੋਜ਼ਪੁਰ), 2 ਸਤੰਬਰ (ਸੰਜੀਵ ਕੁੰਦਰਾ, ਕੁਲਵਿੰਦਰ ਸਿੰਘ ਸੰਧੂ)- ਬਾਰਸ਼ਾਂ ਦਾ ਪ੍ਰਕੋਪ ਜਾਰੀ ਹੈ ਤੇ ਨਦੀਆਂ ਦਰਿਆ ਉਫ਼ਾਨ ’ਤੇ ਹਨ। ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਵਿਚ ਵੀ ਪਾਣੀ ਦਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 7 ਵਜੇ ਹਰੀਕੇ ਹੈੱਡ ਵਰਕਸ ਦੇ ਅੱਪ ਸਟਰੀਮ ਵਿਚ ਪਾਣੀ ਦੀ ਆਮਦ ਵੱਧ ਕੇ 2 ਲੱਖ 90 ਹਜ਼ਾਰ 229 ਕਿਊਸਿਕ ਹੋ ਗਿਆ, ਜੋ ਇਸ ਸੀਜ਼ਨ ਦਾ ਉੱਚਤਮ ਪੱਧਰ ਹੈ, ਜਿਸ ਵਿਚੋਂ ਡਾਊਨ ਸਟਰੀਮ ਨੂੰ 2 ਲੱਖ 74 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬੀਤੇ ਕੱਲ੍ਹ ਹੈਡ ਵਰਕਸ ਦੇ ਅੱਪ ਸਟਰੀਮ ਵਿਚ 2 ਲੱਖ 80 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਸੀ ਤੇ ਡਾਊਨ ਸਟਰੀਮ ਨੂੰ 2 ਲੱਖ 66 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ।
ਹਰੀਕੇ ਹਥਾੜ ਖੇਤਰ ਜਿਸ ਨੂੰ ਹੜ੍ਹਾਂ ਨੇ ਪਹਿਲਾਂ ਹੀ ਤਹਿਸ ਨਹਿਸ ਕਰ ਦਿੱਤਾ ਹੈ ਤੇ ਹੁਣ ਹੋਰ ਵੱਧ ਰਿਹਾ ਪਾਣੀ ਧੁੱਸੀ ਬੰਨ੍ਹ ਨੂੰ ਢਾਹ ਲਾ ਰਿਹਾ ਹੈ ਜੋ ਹਥਾੜ ਖੇਤਰ ਦੇ ਦਰਜਨਾਂ ਪਿੰਡਾਂ ਲਈ ਮਾਰੂ ਸਾਬਤ ਹੋ ਸਕਦਾ ਹੈ।