ਨਾਮਧਾਰੀ ਸੰਸਥਾ ਦੇ ਮੁਖੀ ਵਲੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਨਾਲ ਲੈ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਸੁਲਤਾਨਪੁਰ ਲੋਧੀ, 30 ਅਗਸਤ (ਜਗਮੋਹਣ ਸਿੰਘ ਥਿੰਦ)-ਨਾਮਧਾਰੀ ਸੰਸਥਾ ਦੇ ਮੁਖੀ ਸਤਿਗੁਰੂ ਉਦੇ ਸਿੰਘ ਨੇ ਅੱਜ ਸੁਲਤਾਨਪੁਰ ਲੋਧੀ ਹਲਕੇ ਅੰਦਰ ਹੜ੍ਹ ਪ੍ਰਭਾਵਿਤ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਿਸ਼ੇਸ਼ ਤੌਰ ਉਤੇ ਹਾਜ਼ਰ ਸਨ। ਪਿੰਡ ਆਲੀ ਕਲਾਂ ਵਿਖੇ ਲੋਕਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਤਿਗੁਰੂ ਉਦੇ ਸਿੰਘ ਨੇ ਕਿਹਾ ਕਿ ਉਹ ਬਿਆਸ ਦਰਿਆ ਦੀ ਸਫਾਈ ਲਈ ਮੁੱਖ ਮੰਤਰੀ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਇਹ ਇਲਾਕਾ ਹਰ ਸਾਲ ਹੀ ਹੜ੍ਹਾਂ ਦੀ ਮਾਰ ਹੇਠ ਆ ਜਾਂਦਾ ਹੈ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ।
ਇਸ ਤੋਂ ਬਾਅਦ ਉਨ੍ਹਾਂ ਨੇ ਮੰਡ ਬਾਊਪੁਰ ਵਿਖੇ ਪਾਣੀ ਵਿਚ ਘਿਰੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਲੋੜੀਂਦਾ ਸਾਮਾਨ ਵੀ ਵੰਡਿਆ। ਇਸ ਦੌਰਾਨ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਉਹ ਪਿਛਲੇ 12-3 ਦਿਨਾਂ ਤੋਂ ਲਗਾਤਾਰ ਮੰਡ ਖੇਤਰ ਦੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ।