ਪਿੰਡ ਮਹੀਂਵਾਲ ਨੇੜੇ ਆਰਜ਼ੀ ਬੰਨ੍ਹ ਟੁੱਟਿਆ, ਡੇਰਿਆਂ ਦੇ ਲੋਕ ਆਏ ਹੜ੍ਹ ਦੀ ਲਪੇਟ 'ਚ

ਕਪੂਰਥਲਾ/ਤਲਵੰਡੀ ਚੌਧਰੀਆਂ, 13 ਅਗਸਤ (ਅਮਰਜੀਤ ਕੋਮਲ, ਪਰਸਨ ਲਾਲ ਭੋਲਾ)-ਤਲਵੰਡੀ ਚੌਧਰੀਆਂ ਪਿੰਡ ਦੇ ਸਾਹਮਣੇ ਦਰਿਆ ਬਿਆਸ ਦੇ ਧੁੱਸੀ ਬੰਨ੍ਹ ਅੰਦਰ ਪੈਂਦੇ ਪਿੰਡ ਮਹੀਂਵਾਲ ਵਿਚ ਪਿੰਡ ਦੇ ਕਿਸਾਨਾਂ ਵਲੋਂ ਲਗਾਇਆ ਗਿਆ ਆਰਜ਼ੀ ਬੰਨ੍ਹ ਸ਼ਾਮ ਸਾਢੇ 6 ਵਜੇ ਦੇ ਕਰੀਬ ਟੁੱਟਣ ਕਾਰਨ ਇਸ ਖੇਤਰ ਵਿਚ 10 ਤੋਂ 12 ਫੁੱਟ ਤੱਕ ਪਾਣੀ ਭਰ ਗਿਆ ਹੈ ਅਤੇ ਕਿਸਾਨਾਂ ਦੀ ਸਵਾ ਸੋ ਏਕੜ ਦੇ ਕਰੀਬ ਫ਼ਸਲਾਂ ਪਾਣੀ ਵਿਚ ਡੁੱਬ ਗਈ ਹੈ। ਪਿੰਡ ਮਹੀਂਵਾਲ ਦੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸ਼ੇਰ ਸਿੰਘ ਮਹੀਂਵਾਲ ਨੇ ਅਜੀਤ ਨੂੰ ਦੱਸਿਆ ਕਿ ਜਿਹੜੇ ਲੋਕ ਡੇਰਿਆਂ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਕੱਢਣ ਲਈ ਪਿੰਡ ਵਾਲੇ ਨਿੱਜੀ ਬੇੜੀ ਦੀ ਵਰਤੋਂ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਦਰਿਆ ਬਿਆਸ ਵਿਚ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਉਨ੍ਹਾਂ ਇਸ ਆਰਜ਼ੀ ਬੰਨ੍ਹ ਨੂੰ ਬਚਾਉਣ ਦਾ ਯਤਨ ਕੀਤਾ ਪਰ ਪਾਣੀ ਦਾ ਪੱਧਰ ਵਧਣ ਕਾਰਨ ਇਹ ਆਰਜ਼ੀ ਬੰਨ੍ਹ ਵੀ ਦਰਿਆ ਦੀ ਭੇਟ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਜੇ ਹਰੀਕੇ ਹੈੱਡ ਵਰਕਸ ਤੋਂ ਵੱਧ ਮਾਤਰਾ ਵਿਚ ਪਾਣੀ ਰਿਲੀਜ਼ ਕਰਵਾਉਣ ਤਾਂ ਮੰਡ ਖੇਤਰ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋਣ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਮੰਡ ਖੇਤਰ ਵਿਚ ਹਜ਼ਾਰਾਂ ਏਕੜ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ।