ਕਿਸਾਨ ਨਾਲ 2 ਕਰੋੜ 65 ਲੱਖ ਰੁਪਏ ਦੀ ਮਾਰੀ ਸਾਈਬਰ ਠੱਗੀ

ਮਾਛੀਵਾੜਾ ਸਾਹਿਬ, 13 ਅਗਸਤ (ਰਾਜਦੀਪ ਸਿੰਘ ਅਲਬੇਲਾ)-ਇਲਾਕੇ ਨਾਲ ਸਬੰਧਿਤ ਇਕ ਕਿਸਾਨ ਮਹਿੰਦਰ ਸਿੰਘ ਨਾਲ ਵੱਡੀ ਠੱਗੀ ਵੱਜੀ ਹੈ। ਜਾਣਕਾਰੀ ਅਨੁਸਾਰ ਕਿਸਾਨ ਮਹਿੰਦਰ ਸਿੰਘ ਸਾਈਬਰ ਠੱਗੀ ਦਾ ਸ਼ਿਕਾਰ ਹੋਇਆ, ਜਿਸ ਤੋਂ ਸ਼ਾਤਿਰ ਠੱਗਾਂ ਨੇ 2 ਕਰੋੜ 65 ਲੱਖ 75 ਹਜ਼ਾਰ ਰੁਪਏ ਦੀ ਵੱਡੀ ਰਕਮ ਹੜੱਪ ਲਈ। ਮਹਿੰਦਰ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਖੇਤੀ ਕਿੱਤੇ ਨਾਲ ਸਬੰਧਿਤ ਹੈ, ਜਿਸ ਨੂੰ ਲੰਘੀ 9 ਜੂਨ ਨੂੰ ਦੇਰ ਰਾਤ ਇਕ ਫੋਨ ਆਇਆ ਕਿ ਉਹ ਟਰਾਈ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਦਾ ਮੁਲਾਜ਼ਮ ਬੋਲ ਰਿਹਾ ਸੀ। ਉਸ ਨੇ ਕਿਹਾ ਕਿ ਇਕ ਨਾਮੀ ਏਅਰਲਾਈਨਜ਼ ਕੰਪਨੀ ਦੇ ਮਾਲਕ ਘਰ ਜਦੋਂ ਸੀ.ਬੀ.ਆਈ. ਤੇ ਈ.ਡੀ. ਨੇ ਰੇਡ ਮਾਰੀ ਤਾਂ ਉਸ ਦੌਰਾਨ ਉਥੋਂ 247 ਏ.ਟੀ.ਐੱਮ. ਕਾਰਡ ਤੇ 58 ਕਰੋੜ ਰੁਪਏ ਨਕਦੀ ਬਰਾਮਦ ਹੋਈ ਅਤੇ ਇਸ ਕੰਪਨੀ ਦੇ ਮਾਲਕ ਨੇ ਕਿਸਾਨ ਮਹਿੰਦਰ ਸਿੰਘ ਦੇ ਜਾਅਲੀ ਬੈਂਕ ਖਾਤੇ ਦਾ ਏ.ਟੀ.ਐੱਮ. ਕਾਰਡ ਵਰਤ ਕੇ ਕਿਸੇ ਨੂੰ ਵੇਚ ਦਿੱਤਾ, ਜਿਸ ਕਾਰਨ ਹੁਣ ਤੁਹਾਡੀਆਂ ਸਾਰੀਆਂ ਬੈਂਕ ਡਿਟੇਲਾਂ ਨੂੰ ਜਾਂਚਿਆ ਜਾਵੇਗਾ।
ਬਿਆਨਕਰਤਾ ਅਨੁਸਾਰ ਠੱਗ ਵਿਅਕਤੀ ਨਾਲ ਬਹੁਤ ਵਾਰ ਗੱਲ ਹੋਈ ਅਤੇ ਫਿਰ ਉਸ ਤੋਂ ਬਾਅਦ ਵਿਜੈ ਖੰਨਾ ਨਾਮ ਦੇ ਵਿਅਕਤੀ ਦਾ ਫੋਨ ਆਇਆ, ਜਿਸ ਨੇ ਕਿਹਾ ਕਿ ਉਹ ਈ.ਡੀ. (ਇਨਫੋਰਸਮੈਂਟ ਡਿਪਾਰਟਮੈਂਟ) ਤੋਂ ਬੋਲ ਰਿਹਾ ਹੈ, ਜਿਸ ਨੂੰ ਉਸਦੇ ਸਾਰੇ ਬੈਂਕ ਖਾਤਿਆਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਜੇਕਰ ਉਸਨੇ ਅੱਗੇ ਕਿਸੇ ਨਾਲ ਗੱਲ ਕੀਤੀ ਤਾਂ ਉਸ ਨੂੰ 2 ਤੋਂ 3 ਸਾਲ ਦੀ ਸਜ਼ਾ ਹੋ ਜਾਵੇਗੀ ਅਤੇ ਨਾਲ ਹੀ ਇਹ ਕਿਹਾ ਕਿ ਤੁਹਾਡੇ ਅਕਾਊਂਟ ਵਿਚ 1.25 ਲੱਖ ਰੁਪਏ ਛੱਡ ਕੇ ਬਾਕੀ ਸਾਰੇ ਪੈਸਿਆਂ ਦੀ ਜਾਂਚ ਕਰਨੀ ਪਵੇਗੀ। ਫਿਰ ਦੂਸਰੇ ਦਿਨ ਇਕ ਮਾਣਯੋਗ ਸੁਪਰੀਮ ਕੋਰਟ ਦਾ ਪੇਪਰ ਵਟਸਐਪ ਰਾਹੀਂ ਭੇਜਿਆ ਗਿਆ, ਜਿਸ ਵਿਚ ਉਸਨੂੰ ਹਦਾਇਤ ਕੀਤੀ ਗਈ ਕਿ ਉਹ 51 ਲੱਖ ਰੁਪਏ ਡੀ.ਪੀ.ਐੱਸ. ਦੇ ਬੈਂਕ ਦੇ ਖਾਤਾ ਨੰਬਰ ਵਿਚ ਭੇਜੇ। ਕਿਸਾਨ ਮਹਿੰਦਰ ਸਿੰਘ ਵਲੋਂ 51 ਲੱਖ ਰੁਪਏ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਵਲੋਂ ਦੱਸੇ ਖਾਤਾ ਨੰਬਰ ਵਿਚ ਭੇਜ ਦਿੱਤੇ ਗਏ।
ਕਿਸਾਨ ਵਲੋਂ ਇਸ ਈ.ਡੀ. ਦੇ ਫ਼ਰਜ਼ੀ ਅਧਿਕਾਰੀ ਵਲੋਂ ਕਹਿਣ ’ਤੇ ਹੋਰ ਕਈ ਵੱਖ-ਵੱਖ ਖਾਤਿਆਂ ਵਿਚ ਕੁੱਲ 2 ਕਰੋੜ 65 ਲੱਖ 75 ਹਜ਼ਾਰ ਰੁਪਏ ਭੇਜੇ ਗਏ। ਕਿਸਾਨ ਮਹਿੰਦਰ ਸਿੰਘ ਨੇ ਬਿਆਨ ਵਿਚ ਦੱਸਿਆ ਕਿ ਇਸ ਸਾਈਬਰ ਠੱਗੀ ਦੌਰਾਨ ਉਸ ਨੂੰ ਈ.ਡੀ. ਦੇ 3 ਵੱਖ-ਵੱਖ ਇੰਚਾਰਜਾਂ ਨੇ ਬਦਲ-ਬਦਲ ਕੇ ਫੋਨ ਕੀਤੇ। ਕਿਸਾਨ ਮਹਿੰਦਰ ਸਿੰਘ ਨੂੰ ਜਦੋਂ ਆਪਣੇ ਨਾਲ ਠੱਗੀ ਦਾ ਅਹਿਸਾਸ ਹੋਣ ਲੱਗਾ ਤਾਂ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਿਸ ਜ਼ਿਲ੍ਹਾ ਖੰਨਾ ਦੇ ਸਾਈਬਰ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਜਦੋਂ ਐੱਸ.ਪੀ. ਪਵਨਜੀਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਮਹਿੰਦਰ ਸਿੰਘ ਨਾਲ ਜੋ ਠੱਗੀ ਵੱਜੀ ਹੈ, ਉਸ ਸਬੰਧੀ ਮਾਮਲਾ ਦਰਜ ਕਰਕੇ ਉਨ੍ਹਾਂ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਇਹ ਪੈਸੇ ਟਰਾਂਸਫਰ ਕੀਤੇ ਗਏ। ਉਨ੍ਹਾਂ ਕਿਹਾ ਕਿ ਸਾਈਬਰ ਵਿਭਾਗ ਦੀਆਂ ਟੀਮਾਂ ਇਸ ਠੱਗੀ ਸਬੰਧੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ ਅਤੇ ਜਲਦ ਹੀ ਮੁਲਜ਼ਮ ਫੜ ਲਏ ਜਾਣਗੇ।