ਜਸਵੀਰ ਸਿੰਘ ਗੜ੍ਹੀ ਨੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ

ਸੜੋਆ/ਨਵਾਂਸ਼ਹਿਰ, 6ਅਗਸਤ (ਹਰਮੇਲ ਸਹੂੰਗੜਾ)-ਐਸ.ਸੀ. ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਅੱਜ ਵਿਧਾਨ ਸਭਾ ਹਲਕਾ ਬਲਾਚੌਰ ਅਤੇ ਬਲਾਕ ਸੜੋਆ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਪਿੰਡ ਅਟਾਲ ਮਜਾਰਾ ਤੇ ਸੜੋਆ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਸ.ਸੀ. ਕਮਿਸ਼ਨ ਪੰਜਾਬ ਨੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਜ਼ਿਆਦਾ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਤੇ ਵੀ ਐਸ.ਸੀ. ਭਾਈਚਾਰੇ ਨੂੰ ਕੋਈ ਜ਼ਿਆਦਾ ਸਮੱਸਿਆ ਆਉਂਦੀ ਹੈ ਤਾਂ ਕਮਿਸ਼ਨ ਉਥੇ ਪਹੁੰਚ ਕੇ ਉਨ੍ਹਾਂ ਲੋਕਾਂ ਦੀ ਸਮੱਸਿਆ ਸੁਣ ਕੇ ਅਤੇ ਅਧਿਕਾਰੀਆਂ ਨੂੰ ਹੁਕਮ ਦੇ ਕੇ ਤੁਰੰਤ ਹੱਲ ਕਰਵਾਉਂਦੇ ਹਨ।
ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪਿੰਡਾਂ ਵਿਚ ਆਮ ਛੋਟੇ-ਮੋਟੇ ਝਗੜਿਆਂ ਨੂੰ ਆਪਸ ਵਿਚ ਬੈਠ ਕੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਇਸ ਮੁਕਾਮ ਉਤੇ ਪਹੁੰਚਿਆ, ਉਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਸਦਕਾ ਹੈ। ਉਨ੍ਹਾਂ ਦੀ ਵਿਚਾਰਧਾਰਾ ਉਨ੍ਹਾਂ ਦਾ ਮਿਸ਼ਨ ਫੈਲਾਉਣ ਵਿਚ ਦਿਨ-ਰਾਤ ਮਿਹਨਤ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਜਸਬੀਰ ਔਲੀਆਪੁਰ, ਐਮ.ਸੀ. ਪਰਮਿੰਦਰ ਭਾਟੀਆ ਬਾਲਾਚੌਰ, ਐਮ.ਸੀ. ਪਰਮਿੰਦਰ ਮੇਨਕਾ, ਐਡਵੋਕੇਟ ਸੁਨੀਲ ਕੁਮਾਰ, ਆਤਮਾ ਰਾਮ, ਥਾਣਾ ਮੁਖੀ ਪੋਜੇਵਾਲ ਰਾਜ, ਪਰਵਿੰਦਰ ਕੌਰ, ਚੌਕੀ ਇੰਚਾਰਜ ਸਤਨਾਮ ਸਿੰਘ ਸੜੋਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ।