ਪਿਛਲੇ 5 ਸਾਲਾਂ 'ਚ 7 ਫੀਸਦੀ ਪੰਜਾਬ 'ਚ ਕੈਂਸਰ ਕੇਸਾਂ 'ਚ ਹੋਇਆ ਵਾਧਾ - ਬੀਬਾ ਹਰਸਿਮਰਤ ਕੌਰ ਬਾਦਲ

ਮੰਡੀ ਕਿੱਲਿਆਂਵਾਲੀ, 6 ਅਗਸਤ (ਇਕਬਾਲ ਸਿੰਘ ਸ਼ਾਂਤ)-ਪੰਜਾਬ ਵਿਚ ਕੈਂਸਰ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਪਿਛਲੇ ਪੰਜ ਸਾਲਾਂ ਦੌਰਾਨ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਿਚ 7 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਸ ਖੁਲਾਸੇ ਤਹਿਤ ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੂੰ ਪੱਤਰ ਲਿਖ ਕੇ ਅਗਾਊਂ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਏਮਜ਼ ਬਠਿੰਡਾ ਵਿਖੇ ਤੁਰੰਤ ਨੈਸ਼ਨਲ ਕੈਂਸਰ ਇੰਸਟੀਚਿਊਟ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਹੈ।
ਹਰਸਿਮਰਤ ਕੌਰ ਬਾਦਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਹਾਲਾਤ ਅਜਿਹੇ ਹੀ ਬਣੇ ਰਹੇ ਤਾਂ 2026 ਤੱਕ ਪੰਜਾਬ ਵਿਚ ਕੈਂਸਰ ਮਰੀਜ਼ਾਂ ਦੀ ਗਿਣਤੀ 50,000 ਤੋਂ ਉੱਪਰ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ ਨੈਸ਼ਨਲ ਕੈਂਸਰ ਇੰਸਟੀਚਿਊਟ ਬਣਨ ਨਾਲ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਨੇੜਲੇ ਸੂਬਿਆਂ ਦੇ ਮਰੀਜ਼ਾਂ ਨੂੰ ਵੀ ਆਧੁਨਿਕ ਇਲਾਜ ਦੀ ਸਹੂਲਤ ਮਿਲੇਗੀ। ਸੰਸਦ ਮੈਂਬਰ ਨੇ ਨਸ਼ਿਆਂ ਦੇ ਵਧਦੇ ਪ੍ਰਭਾਵ ‘ਤੇ ਮੰਦਭਾਗਾ ਦੱਸਦੇ ਏਮਜ਼ ਬਠਿੰਡਾ ਵਿਚ ਇਕ ਨਸ਼ਾ-ਛੁਡਾਊ ਕੇਂਦਰ ਕਾਇਮ ਕਰਨ ਦੀ ਮੰਗ ਕੀਤੀ।