ਨਗਰ ਕੌਂਸਲ ਨੇ ਨਾਜਾਇਜ਼ ਤੌਰ 'ਤੇ ਉਸਾਰਿਆ ਘਰ ਕੀਤਾ ਢਹਿ-ਢੇਰੀ

ਜਗਰਾਉਂ (ਲੁਧਿਆਣਾ), 6 ਅਗਸਤ (ਕੁਲਦੀਪ ਸਿੰਘ ਲੋਹਟ)-ਗੈਰ-ਕਾਨੂੰਨੀ ਕਬਜ਼ਿਆਂ ਨੂੰ ਲੈ ਕੇ ਨਗਰ ਕੌਂਸਲ ਜਗਰਾਉਂ ਸਖਤ ਹੁੰਦੀ ਦਿਖਾਈ ਦੇ ਰਹੀ ਹੈ। ਨਗਰ ਕੌਂਸਲ ਜਗਰਾਉਂ ਦੀ ਸ਼ਿਕਾਇਤ 'ਤੇ ਮਾਣਯੋਗ ਡੀ. ਸੀ. ਸਾਹਿਬ ਦੀਆਂ ਹਦਾਇਤਾਂ 'ਤੇ ਚਲਦਿਆਂ ਨਗਰ ਕੌਂਸਲ ਨੇ ਨਾਜਾਇਜ਼ ਤੌਰ 'ਤੇ ਉਸਾਰਿਆ ਘਰ ਪਲਾਂ 'ਚ ਢਹਿ-ਢੇਰੀ ਕਰ ਦਿੱਤਾ। ਨਗਰ ਕੌਂਸਲ ਦੀ ਸੁਰੱਖਿਆ ਲਈ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਿਸ ਵੀ ਵੱਡੀ ਗਿਣਤੀ ਵਿਚ ਮੌਜੂਦ ਸੀ। ਇਸ ਦੌਰਾਨ ਹੀ ਨਗਰ ਕੌਂਸਲ ਦੇ ਬੁਲਡੋਜ਼ਰ ਨੇ ਜਗਰਾਉਂ ਦੇ ਮੁਹੱਲਾ ਰਾਣੀ ਵਾਲਾ ਖੂਹ ਸਥਿਤ ਅੰਮ੍ਰਿਤਪਾਲ ਕੌਰ ਚੀਨੂ ਦੀ ਅਣਅਧਿਕਾਰਤ ਤੌਰ 'ਤੇ ਹੋਈ ਉਸਾਰੀ ਨੂੰ ਪਲਕ ਝਪਕਦਿਆਂ ਹੀ ਢਹਿ ਢੇਰੀ ਕਰ ਦਿੱਤਾ।
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ. ਐਸ. ਪੀ. ਡਾ. ਅੰਕੁਰ ਗੁਪਤਾ ਨੇ ਦੱਸਿਆ ਕਿ ਇਹ ਉਸਾਰੀ ਅਣਅਧਿਕਾਰਤ ਤੌਰ 'ਤੇ ਕੀਤੀ ਗਈ ਸੀ, ਜਿਸ ਦੇ ਚਲਦਿਆਂ ਪੁਲਿਸ ਵਲੋਂ ਨਗਰ ਕੌਂਸਲ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਨਾਲ ਹੀ ਉਨ੍ਹਾਂ ਇਸ ਕਾਰਵਾਈ ਨੂੰ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਨਾਲ ਜੋੜਦਿਆਂ ਕਿਹਾ ਕਿ ਅੰਮ੍ਰਿਤਪਾਲ ਕੌਰ ਚੀਨੂ 'ਤੇ ਐਨ. ਡੀ.ਪੀ.ਐਸ. ਐਕਟ ਤਹਿਤ ਚਾਰ ਪਰਚੇ ਵੀ ਦਰਜ ਹਨ ਤੇ ਉਨ੍ਹਾਂ ਦਾ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧ ਰਿਹਾ ਹੈ।
ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨੇ ਦੱਸਿਆ ਕਿ ਅੰਮ੍ਰਿਤਪਾਲ ਕੌਰ ਵਲੋਂ ਨਗਰ ਕੌਂਸਲ ਦੀ ਇਸ ਥਾਂ 'ਤੇ ਗੈਰ-ਕਾਨੂੰਨੀ ਉਸਾਰੀ ਕੀਤੀ ਗਈ ਸੀ, ਜਿਸ 'ਤੇ ਕਾਰਵਾਈ ਲਈ ਪੁਲਿਸ ਸਹਾਇਤਾ ਦੀ ਲੋੜ ਸੀ। ਉਸ ਦੀ ਅਪੀਲ ’ਤੇ ਕਾਰਵਾਈ ਕਰਦਿਆਂ ਇਹ ਉਸਾਰੀ ਢਾਹੀ ਗਈ ਹੈ। ਸ. ਰੰਧਾਵਾ ਨੇ ਸੰਕੇਤ ਜ਼ਾਹਿਰ ਕੀਤਾ ਕਿ ਅਜਿਹੇ ਨਾਜਾਇਜ਼ ਕਬਜ਼ੇ ਹੋਰ ਵੀ ਹਨ ਜਿਨ੍ਹਾਂ 'ਤੇ ਲਗਾਤਾਰ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।