ਉੱਤਰਕਾਸ਼ੀ: ਹੜ੍ਹ ਪ੍ਰਭਾਵਿਤ ਧਾਰਲੀ ਪਿੰਡ ਵਿਚ ਬਚਾਅ ਕਾਰਜ ਸ਼ੁਰੂ

ਦੇਹਰਾਦੂਨ, 6 ਅਗਸਤ - ਉੱਤਰਕਾਸ਼ੀ ਵਿਚ ਭਾਰੀ ਮੀਂਹ ਅਜੇ ਵੀ ਜਾਰੀ ਹੈ ਅਤੇ ਬਚਾਅ ਕਰਮੀਆਂ ਨੇ ਧਾਰਲੀ ਵਿਚ ਮਲਬੇ ਵਿਚਕਾਰ ਅਚਾਨਕ ਆਏ ਹੜ੍ਹ ਦੇ ਪੀੜਤਾਂ ਦੀ ਤਲਾਸ਼ ’ਚ ਆਪਣਾ ਕੰਮ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਦੁਪਹਿਰ ਨੂੰ ਅਚਾਨਕ ਹੜ੍ਹ ਨੇ ਧਾਰਲੀ ਪਿੰਡ ਦਾ ਲਗਭਗ ਅੱਧਾ ਹਿੱਸਾ ਤਬਾਹ ਕਰ ਦਿੱਤਾ ਸੀ।
ਇਹ ਪਿੰਡ ਗੰਗੋਤਰੀ ਦੇ ਰਸਤੇ ਵਿਚ ਮੁੱਖ ਪੜਾਅ ਹੈ, ਜਿੱਥੋਂ ਗੰਗਾ ਨਦੀ ਨਿਕਲਦੀ ਹੈ। ਬੱਦਲ ਫਟਣ ਤੋਂ ਬਾਅਦ ਅਚਾਨਕ ਹੜ੍ਹ ਵਿਚ ਹੁਣ ਤੱਕ ਚਾਰ ਮੌਤਾਂ ਦੀ ਪੁਸ਼ਟੀ ਹੋਈ ਹੈ। ਲਗਭਗ 130 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਮਲਬੇ ਵਿਚੋਂ ਅਜੇ ਤੱਕ ਇਕ ਵੀ ਲਾਸ਼ ਨਹੀਂ ਮਿਲੀ ਹੈ। ਭਾਰਤੀ ਫੌਜ ਨੇ ਫਸੇ ਲੋਕਾਂ ਦੀ ਭਾਲ ਲਈ ਆਪਣੇ ਐਮ.ਆਈ.-17 ਅਤੇ ਚਿਨੂਕ ਹੈਲੀਕਾਪਟਰ ਤਾਇਨਾਤ ਕੀਤੇ ਹਨ।
ਘੱਟੋ-ਘੱਟ 60 ਲੋਕ ਲਾਪਤਾ ਦੱਸੇ ਜਾ ਰਹੇ ਹਨ, ਪਰ ਇਹ ਗਿਣਤੀ ਵੱਧ ਹੋਣ ਦੀ ਸੰਭਾਵਨਾ ਹੈ, ਕਿਉਂਕਿ ਬਹੁਤ ਸਾਰੇ ਲੋਕ ਧਾਰਲੀ ਪਿੰਡ ਵਿਚ ਹਰ ਦੁੱਧ ਮੇਲੇ ਲਈ ਇਕੱਠੇ ਹੋਏ ਸਨ, ਜਦੋਂ ਇਹ ਹਾਦਸਾ ਵਾਪਰਿਆ। ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਮਨੀਸ਼ ਸ਼੍ਰੀਵਾਸਤਵ ਨੇ ਕਿਹਾ ਕਿ ਲਾਪਤਾ ਲੋਕਾਂ ਵਿਚ 11 ਸੈਨਿਕ ਵੀ ਸ਼ਾਮਿਲ ਹਨ।
14 ਰਾਜ ਰਿਫ਼ ਦੇ ਕਮਾਂਡਿੰਗ ਅਫ਼ਸਰ ਕਰਨਲ ਹਰਸ਼ਵਰਧਨ 150 ਸੈਨਿਕਾਂ ਦੀ ਟੀਮ ਨਾਲ ਰਾਹਤ ਅਤੇ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੇ ਹਨ।ਸ਼੍ਰੀਵਾਸਤਵ ਨੇ ਕਿਹਾ ਕਿ ਆਪਣੇ ਸੈਨਿਕਾਂ ਦੇ ਲਾਪਤਾ ਹੋਣ ਦੇ ਬਾਵਜੂਦ, ਟੀਮ ਪੂਰੀ ਹਿੰਮਤ ਅਤੇ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ।