ਇਕ ਹੋਰ ਨਸ਼ਾ ਸਮੱਗਲਰ ਦਾ ਘਰ ਜ਼ਿਲ੍ਹਾ ਪ੍ਰਸ਼ਾਸਨ ਨੇ ਢਾਹਿਆ

ਛੇਹਰਟਾ, 5 ਅਗਸਤ (ਪੱਤਰ ਪ੍ਰੇਰਕ)-ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਨੂੰ ਅੱਗੇ ਤੋਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਨਸ਼ਾ ਸਮੱਗਲਰ ਰਾਮ ਸਿੰਘ ਉਰਫ ਲੱਡੂ ਪੁੱਤਰ ਜੋਗਿੰਦਰ ਸਿੰਘ ਵਾਸੀ ਆਬਾਦੀ ਨਾਨਕਪੁਰਾ, ਗੁਰੂ ਕੀ ਵਡਾਲੀ, ਅੰਮ੍ਰਿਤਸਰ, ਜਿਸ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ 3 ਕੇਸ ਦਰਜ ਹਨ, ਦਾ ਘਰ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ ਗਿਆ।
ਰਾਮ ਸਿੰਘ ਫਿਲਹਾਲ ਭਗੌੜਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਿਚ ਨਸ਼ਾ ਸਮੱਗਲਰਾਂ ਦੀਆਂ 10 ਜਾਇਦਾਦਾਂ ਢਾਹੀਆਂ ਜਾ ਚੁੱਕੀਆਂ ਹਨ। ਇਸ ਮੌਕੇ ਵਿਸ਼ੇਸ਼ ਤੌਰ ਉਤੇ ਪਹੁੰਚੇ ਪੁਲਿਸ ਦੇ ਡਿਪਟੀ ਕਮਿਸ਼ਨਰ ਆਲਮ ਵਿਜੈ ਸਿੰਘ ਨੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਸਪੱਸ਼ਟ ਸੰਦੇਸ਼ ਦਿੱਤਾ ਜੋ ਲੋਕ ਸਾਡੇ ਨੌਜਵਾਨਾਂ ਦੀ ਜ਼ਿੰਦਗੀ ਵਿਚ ਨਸ਼ਿਆਂ ਰੂਪੀ ਜ਼ਹਿਰ ਘੋਲ ਰਹੇ ਹਨ, ਉਨ੍ਹਾਂ ਉੱਤੇ ਕੋਈ ਰਹਿਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਯੁੱਧ ਨਸ਼ਿਆਂ ਦੀ ਸਮਾਪਤੀ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਤਸਕਰਾਂ ਖਿਲਾਫ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਅਤੇ ਜੋ ਵੀ ਇਸ ਧੰਦੇ ਵਿਚ ਸ਼ਾਮਿਲ ਹੈ, ਉਸ ਨੂੰ ਜੇਲ੍ਹ ਵਿਚ ਸੁੱਟਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਸ਼ੇ ਦੇ ਰੋਗੀਆਂ ਦਾ ਇਲਾਜ ਵੀ ਪੁਲਿਸ ਕਰਵਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਇਸ ਨਸ਼ਾ ਵਿਰੁੱਧ ਮੁਹਿੰਮ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਪੁਲਿਸ ਰੋਜ਼ਾਨਾ ਨਸ਼ੇ ਦੀਆਂ ਵੱਡੀਆਂ ਖੇਪਾਂ ਬਰਾਮਦ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਅਸੀਂ ਜਾਣਕਾਰੀ ਦੇਣ ਵਾਲੇ ਦਾ ਨਾਂਅ ਬਿਲਕੁਲ ਗੁਪਤ ਰੱਖ ਕੇ ਕਾਰਵਾਈ ਕਰਾਂਗੇ ਕਿ ਨਸ਼ਾ ਤਸਕਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ। ਇਸ ਦੌਰਾਨ ਏ.ਸੀ.ਪੀ. ਵੈਸਟ ਸ਼ਿਵਦਰਸ਼ਨ ਸਿੰਘ ਸੰਧੂ ਤੇ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।