ਜੰਮੂ: ਪਲਟੀ ਮਿੰਨੀ ਬੱਸ, ਵਿਦਿਆਰਥੀਆਂ ਸਮੇਤ 13 ਲੋਕ ਜ਼ਖ਼ਮੀ

ਸ੍ਰੀਨਗਰ, 5 ਅਗਸਤ- ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਦੇ ਕਰੀਮਚੀ ਇਲਾਕੇ ਵਿਚ ਅੱਜ ਇਕ ਵੱਡਾ ਹਾਦਸਾ ਵਾਪਰਿਆ, ਜਦੋਂ ਇਕ ਮਿੰਨੀ ਬੱਸ ਸੜਕ ’ਤੇ ਪਲਟ ਗਈ, ਜਿਸ ਵਿਚ ਸਕੂਲੀ ਵਿਦਿਆਰਥੀਆਂ ਸਮੇਤ ਕੁੱਲ 13 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਡਰਾਈਵਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਮਿੰਨੀ ਬੱਸ ਕਰੀਮਚੀ ਤੋਂ ਊਧਮਪੁਰ ਵੱਲ ਆ ਰਹੀ ਸੀ, ਜਦੋਂ ਅਚਾਨਕ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ, ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਬੱਸ ਸੜਕ ’ਤੇ ਪਲਟ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਤੁਰੰਤ ਮੌਕੇ ’ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਜੀ.ਐਮ.ਸੀ. ਊਧਮਪੁਰ ਲਿਜਾਇਆ ਗਿਆ। ਇਸ ਦੇ ਨਾਲ ਹੀ ਚਾਲਕ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸ ਨੂੰ ਵਿਸ਼ੇਸ਼ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਚਸ਼ਮਦੀਦਾਂ ਅਤੇ ਜ਼ਖਮੀਆਂ ਦੇ ਅਨੁਸਾਰ, ਬੱਸ ਨੇ ਕਿਸੇ ਹੋਰ ਵਾਹਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਥਾਨਕ ਪ੍ਰਸ਼ਾਸਨ ਵਲੋਂ ਜ਼ਖਮੀਆਂ ਦੇ ਬਿਹਤਰ ਇਲਾਜ ਲਈ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ। ਇਸ ਹਾਦਸੇ ਨੇ ਇਕ ਵਾਰ ਫਿਰ ਇਲਾਕੇ ਵਿਚ ਸੜਕ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।