ਚੰਡੀਗੜ੍ਹ 'ਚ 1.01 ਕਰੋੜ ਦੀ ਡਿਜੀਟਲ ਠੱਗੀ ਦਾ ਪਰਦਾਫਾਸ਼, 10 ਗ੍ਰਿਫ਼ਤਾਰ

ਚੰਡੀਗੜ੍ਹ, 1 ਅਗਸਤ (ਕਪਲ ਵਧਵਾ)-ਚੰਡੀਗੜ੍ਹ ਦੇ ਸਾਈਬਰ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਡਿਜੀਟਲ ਠੱਗੀ ਦੇ ਇਕ ਵਿਆਪਕ ਜਾਲ ਦਾ ਪਰਦਾਫਾਸ਼ ਕੀਤਾ ਹੈ। ਟੀਮ ਨੇ 1.01 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 6 ਸਿਮ ਬਾਕਸ, 400 ਸਿਮ ਕਾਰਡ, ਲੈਪਟਾਪ ਤੇ ਮੋਬਾਇਲ ਫੋਨ ਬਰਾਮਦ ਹੋਏ ਹਨ।
ਇਹ ਗਰੋਹ ਖੁਦ ਨੂੰ ਸੀ. ਬੀ. ਆਈ. ਦੇ ਅਧਿਕਾਰੀ ਦੱਸ ਕੇ ਲੋਕਾਂ ਨੂੰ ਆਨਲਾਈਨ ਡਰਾਉਂਦੇ ਤੇ ਧੋਖਾਧੜੀ ਕਰਦੇ ਸਨ। ਇਹ ਮੁਲਜ਼ਮ ਵਿਦੇਸ਼ੀ ਨੰਬਰਾਂ ਰਾਹੀਂ ਕਾਲ ਕਰਨ ਲਈ ਸਿਮ ਬਾਕਸ ਦੀ ਗ਼ੈਰ-ਕਾਨੂੰਨੀ ਵਰਤੋਂ ਕਰਦੇ ਸਨ ਅਤੇ ਠੱਗੇ ਪੈਸੇ ਵਿਦੇਸ਼ ਭੇਜ ਦਿੱਤੇ ਜਾਂਦੇ ਸਨ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਗਰੋਹ ਸਿਰਫ਼ ਭਾਰਤ ਨਹੀਂ, ਬਲਕਿ ਹੋਰ ਦੇਸ਼ਾਂ ਵਿਚ ਵੀ ਲੋਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ, ਜਿਸ ਕਾਰਨ ਦੇਸ਼ ਨੂੰ ਹਰ ਮਹੀਨੇ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਇਸ ਆਪਰੇਸ਼ਨ ‘ਚ ਡੀ.ਐਸ.ਪੀ. ਵੈਂਕਟੇਸ਼ ਅਤੇ ਸਾਈਬਰ ਸੈੱਲ ਇੰਚਾਰਜ ਇੰਸਪੈਕਟਰ ਇਰਮ ਰਿਜ਼ਵੀ ਦੀ ਮੁੱਖ ਭੂਮਿਕਾ ਰਹੀ। ਆਰੋਪੀਆਂ ਖਿਲਾਫ਼ ਭਾਰਤੀ ਨਿਆਇਕ ਸੰਹਿਤਾ (ਬੀ. ਐਨ. ਐਸ.) ਦੀ ਧਾਰਾ ਹੇਠ ਮਾਮਲਾ ਦਰਜ ਕੀਤਾ ਗਿਆ ਹੈ।