ਭਾਰਤ-ਇੰਗਲੈਂਡ ਟੈਸਟ ਮੈਚ : ਭਾਰਤ ਨੇ 6 ਵਿਕਟਾਂ ਦੇ ਨੁਕਸਾਨ 'ਤੇ 204 ਦੌੜਾਂ ਬਣਾਈਆਂ

ਕਰੁਣ ਨਾਇਰ ਨੇ ਕਰੀਬ 8 ਸਾਲਾਂ ਬਾਅਦ ਟੈਸਟ ਕੈਰੀਅਰ 'ਚ ਜੜਿਆ ਅਰਧ ਸੈਂਕੜਾ
ਲੰਡਨ, 31 ਜੁਲਾਈ (ਏਜੰਸੀ)-ਭਾਰਤ ਤੇ ਇੰਗਲੈਂਡ ਵਿਚਾਲੇ ਐਂਡਰਸਨ-ਤੇਂਦੁਲਕਰ ਟਰਾਫ਼ੀ ਦਾ ਪੰਜਵਾਂ ਤੇ ਆਖਰੀ ਟੈਸਟ 'ਦ ਓਵਲ ਸਟੇਡੀਅਮ' 'ਚ ਖੇਡਿਆ ਜਾ ਰਿਹਾ ਹੈ | ਅੱਜ ਖੇਡ ਦੀ ਸ਼ੁਰੂਆਤ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ | ਭਾਰਤ ਦੀ ਪਹਿਲੀ ਪਾਰੀ ਦੀ ਸ਼ੁਰੂਆਤ ਯਸ਼ਸਵੀ ਜੈਸਵਾਲ ਤੇ ਕੇ.ਐਲ. ਰਾਹੁਲ ਨੇ ਕੀਤੀ | ਹਾਲਾਂਕਿ ਭਾਰਤ ਨੇ ਸ਼ੁਰੂਆਤੀ ਦੌਰ 'ਚ ਹੀ ਆਪਣਾ ਪਹਿਲਾ ਵਿਕਟ ਗਵਾ ਲਿਆ | ਗੁਸ ਐਟਕਿੰਸਨ ਨੇ ਯਸ਼ਸਵੀ ਜੈਸਵਾਲ ਨੂੰ ਆਪਣਾ ਸ਼ਿਕਾਰ ਬਣਾਇਆ | ਉਹ ਸਿਰਫ਼ 2 ਦੌੜਾਂ ਹੀ ਬਣਾ ਸਕੇ | ਇਸ ਮਗਰੋਂ ਸਾਈ ਸੁਦਰਸ਼ਨ ਰਾਹੁਲ ਦਾ ਸਮਰਥਨ ਕਰਨ ਲਈ ਆਏ | ਲੇਕਿਨ ਚੰਗੀ ਸਾਝੇਦਾਰੀ ਸ਼ੁਰੂ ਹੋਣ ਸਾਰ ਹੀ ਭਾਰਤ ਨੂੰ ਦੂਜਾ ਝਟਕਾ ਕਿ੍ਸ ਵੋਕਸ ਤੋਂ ਮਿਲਿਆ | ਉਸਨੇ ਕੇ.ਐਲ. ਰਾਹੁਲ ਨੂੰ ਬੋਲਡ ਕੀਤਾ | ਉਹ 14 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ | ਫਿਰ ਸ਼ੁਭਮਨ ਗਿੱਲ ਨੇ ਸੁਦਰਸ਼ਨ ਨਾਲ ਮੋਰਚਾ ਸੰਭਾਲਿਆ | ਇਸ ਦੌਰਾਨ ਮੀਂਹ ਵੀ ਰੁਕਾਵਟ ਬਣ ਸਾਹਮਣੇ ਆਇਆ | ਦੂਜੇ ਸੈਸ਼ਨ ਦੀ ਸ਼ੁਰੂਆਤ ਤੱਕ ਭਾਰਤ ਨੇ 2 ਵਿਕਟਾਂ 'ਤੇ 72 ਦੌੜਾਂ ਬਣਾਈਆਂ ਹਨ | ਇਸ ਵਾਰ ਸ਼ੁਭਮਨ ਗਿੱਲ ਵੀ ਜਾਦੂ ਬਖੇਰਨ 'ਚ ਨਾਕਾਮ ਰਹੇ ਤੇ 21 ਦੌੜਾਂ ਬਣਾ ਕੇ ਰਨ ਆਊਟ ਹੋ ਗਏ | ਸਾਈ ਸੁਦਰਸ਼ਨ ਨੂੰ ਕਰੁਣ ਨਾਇਰ ਦਾ ਸਾਥ ਮਿਲਿਆ | ਪਰ ਭਾਰਤ ਨੂੰ 101 ਦੇ ਸਕੋਰ 'ਤੇ ਚੌਥਾ ਝਟਕਾ ਲੱਗਾ | ਜੋਸ਼ ਟੰਗ ਨੇ ਸਾਈ ਸੁਦਰਸ਼ਨ ਨੂੰ ਆਊਟ ਕੀਤਾ | ਉਹ 38 ਦੌੜਾਂ ਬਣਾ ਸਕੇ | ਇਸ ਮਗਰੋਂ ਰਵਿੰਦਰ ਜਡੇਜਾ ਕਰੁਣ ਦਾ ਸਾਥ ਦੇਣ ਆਏ | ਪਰ ਅੱਜ ਉਹ ਵੀ ਜਲਦ ਹੀ ਆਪਣਾ ਵਿਕਟ ਗਵਾ ਬੈਠੇ | ਜੋਸ਼ ਟੰਗ ਨੇ ਸਾਈ ਸੁਦਰਸ਼ਨ ਤੋਂ ਬਾਅਦ ਰਵਿੰਦਰ ਜਡੇਜਾ ਨੂੰ ਵੀ ਆਊਟ ਕਰ ਦਿੱਤਾ | ਜਡੇਜਾ ਨੇ 9 ਦੌੜਾਂ ਬਣਾਈਆਂ | ਇਸ ਮਗਰੋਂ ਕਰੁਣ ਨਾਇਰ ਦਾ ਸਾਥ ਦੇਣ ਆਏ ਧਰੁਵ ਜੁਰੇਲ ਵੀ 19 ਦੌੜਾਂ ਬਣਾ ਐਟਕਿੰਸਨ ਦੀ ਗੇਂਦ 'ਤੇ ਕੈਚ ਦੇ ਬੈਠੇ | ਇਸ ਤੋਂ ਬਾਅਦ ਕਰੁਣ ਨਾਇਰ ਨੇ ਅਰਧ ਸੈਂਕੜਾ ਪੂਰਾ ਕਰਦੇ ਹੋਏ ਵਾਸ਼ਿੰਗਟਨ ਸੁੰਦਰ ਨਾਲ 7ਵੀਂ ਵਿਕਟ ਲਈ 50 ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ | ਕਰੁਣ ਨੇ ਕਰੀਬ 8 ਸਾਲਾਂ ਬਾਅਦ ਆਪਣੇ ਟੈਸਟ ਕਰੀਅਰ 'ਚ ਅਰਧ ਸੈਂਕੜਾ ਲਗਾਇਆ ਹੈ | ਨਾਇਰ ਦਾ ਆਖਰੀ 50+ ਸਕੋਰ 16 ਦਸੰਬਰ 2016 ਨੂੰ ਆਇਆ ਸੀ | ਅੱਜ ਦੀ ਖੇਡ ਦੀ ਸਮਾਪਤੀ ਤੱਕ ਭਾਰਤ ਨੇ 6 ਵਿਕਟਾਂ ਦੇ ਨੁਕਸਾਨ 'ਤੇ 204 ਦੌੜਾਂ ਬਣਾਈਆਂ |
ਗਿੱਲ ਨੇ ਗਾਵਸਕਰ ਦਾ ਤੋੜਿਆ ਇਕ ਰਿਕਾਰਡ
ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ 47 ਸਾਲ ਪੁਰਾਣਾ ਗਾਵਸਕਰ ਦਾ ਇਕ ਟੈਸਟ ਲੜੀ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਇਕ ਰਿਕਾਰਡ ਤੋੜ ਕੇ ਇਤਿਹਾਸ ਰੱਚ ਦਿੱਤਾ ਹੈ | ਗਿੱਲ ਨੇ 'ਦ ਓਵਲ ਵਿਖੇ ਇੰਗਲੈਂਡ ਵਿਰੁੱਧ 5ਵੇਂ ਤੇ ਆਖਰੀ ਟੈਸਟ 'ਚ ਉਸਨੇ ਟੈਸਟ ਲੜੀ 'ਚ 743 ਦੌੜਾਂ ਬਣਾਈਆਂ ਹਨ | ਪਿਛਲਾ ਰਿਕਾਰਡ ਮਹਾਨ ਖਿਡਾਰੀ ਸੁਨੀਲ ਗਾਵਸਕਰ ਦੇ ਕੋਲ ਸੀ, ਜਿਨ੍ਹਾਂ ਨੇ 1978/79 ਦੀ ਲੜੀ 'ਚ ਵੈਸਟਇੰਡੀਜ਼ ਵਿਰੁੱਧ 732 ਦੌੜਾਂ ਬਣਾਈਆਂ ਸਨ |