ਨਗਰ ਕੌਂਸਲਰਾਂ 'ਚ ਹੋਇਆ ਤਕਰਾਰ, ਸ਼ਹਿਰ ਵਾਸੀਆਂ 'ਚ ਰੋਸ

ਜਗਰਾਉਂ ( ਲੁਧਿਆਣਾ ) , 30 ਜੁਲਾਈ (ਕੁਲਦੀਪ ਸਿੰਘ ਲੋਹਟ) - ਨਗਰ ਕੌਂਸਲ ਦੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ, ਹਮੇਸ਼ਾਂ ਦੀ ਤਰ੍ਹਾਂ ਮੇਹਣੋਂ ਮੇਹਣੀ ਹੋਣ ਵਾਲੇ ਕੌਂਸਲਰ ਥੱਪੜੋ-ਥੱਪੜੀ ਹੁੰਦੇ ਦਿਖਾਈ ਦਿੱਤੇ। ਹਾਲਾਂਕਿ ਇਹ ਵਰਤਰਾ ਪੱਤਰਕਾਰਾਂ ਦੀ ਗ਼ੈਰਮੌਜੂਦਗੀ ਵਿਚ ਵਾਪਰਿਆ ਪਰ ਕੌਂਸਲਰਾਂ ਦੀ ਇਸ ਕੁੱਕੜ ਲੜਾਈ ਦੀ ਸਾਰੇ ਸ਼ਹਿਰ ਵਿਚ ਚਰਚਾ ਛਿੜ ਗਈ। ਦੱਸਣ ਯੋਗ ਹੈ ਕਿ ਕੌਂਸਲਰ ਸਤੀਸ਼ ਕੁਮਾਰ ਦੌਧਰੀਆ ਅਤੇ ਐਡਵੋਕੇਟ ਹਿਮਾਂਸ਼ੂ ਮਲਕ ਵਿਚ ਮਾਮੂਲੀ ਤਕਰਾਰ ਤੋਂ ਬਾਅਦ ਗੱਲ ਹੱਥੋ-ਪਾਈ ਤੱਕ ਪਹੁੰਚ ਗਈ।ਇਹ ਹੀ ਨਹੀਂ ਇਹ ਘਟਨਾ ਮੀਡੀਆ ਰਾਹੀਂ ਸਾਰੇ ਸ਼ਹਿਰ ਵਿਚ ਅੱਪੜ ਗਈ।
ਜਦੋਂ ਇਸ ਸੰਬੰਧੀ ਕੌਂਸਲਰ ਸ਼ਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਹਿਮਾਂਸ਼ੂ ਮਲਕ ’ਤੇ ਮੁੱਕਾ ਮਾਰਨ ਦੇ ਦੋਸ਼ ਲਾਏ,ਜਦਕਿ ਹਿਮਾਂਸ਼ੂ ਮਲਕ ਨੇ ਸਤੀਸ਼ ਕੁਮਾਰ ਦੌਧਰੀਆ ’ਤੇ ਥੱਪੜ ਮਾਰਨ ਦਾ ਦੋਸ਼ ਲਾਇਆ। ਇਹ ਹੀ ਨਹੀਂ ਹਿਮਾਂਸ਼ੂ ਨੇ ਕਿਹਾ ਕਿ ਸਤੀਸ਼ ਕੁਮਾਰ ਨੇ ਆਪਣੇ ਮੁੰਡਿਆਂ ਨੂੰ ਬੁਲਾ ਕੇ ਹੱਲਾ-ਗੁੱਲਾ ਕੀਤਾ। ਇਸ ਸੰਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਮਾਮੂਲੀ ਬਹਿਸ ਸੀ , ਜਿਸ ਨੂੰ ਉਸਾਰੂ ਹੀ ਰਹਿਣ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਤੂਲ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਮਿਲ ਬੈਠ ਕੇ ਇਸ ਮਸਲੇ ਨੂੰ ਹੱਲ ਕਰ ਲਿਆ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖ਼ਲ ਹੋ ਕੇ ਇਨਸਾਫ਼ ਦੇ ਰਾਹ ਤੁਰ ਪਈਆਂ ਹਨ।