JALANDHAR WEATHER

ਪਿੰਡ ਚਰਾਣ ਵਿਖੇ ਵਿਅਕਤੀ ਵਲੋਂ ਔਰਤ ਦੀ ਗਲਾ ਘੁੱਟ ਕੇ ਹੱਤਿਆ

ਨਵਾਂਸ਼ਹਿਰ/ਉਸਮਾਨਪੁਰ, 31 ਜੁਲਾਈ (ਜਸਬੀਰ ਸਿੰਘ ਨੂਰਪੁਰ/ਸੰਦੀਪ ਮਝੂਰ)-ਬੀਤੀ ਰਾਤ ਥਾਣਾ ਸਦਰ ਨਵਾਂਸ਼ਹਿਰ ਅਧੀਨ ਪੈਂਦੇ ਪਿੰਡ ਚਰਾਣ ਵਿਖੇ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਲੁੱਟ-ਖੋਹ ਦੀ ਨੀਅਤ ਨਾਲ ਇਕ ਘਰ ਵਿਚ ਦਾਖਲ ਹੋਣ ਉਪਰੰਤ ਘਰ ਵਿਚ ਮੌਜੂਦ ਇਕੱਲੀ ਔਰਤ ਦਾ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਸ਼ਨਾਖਤ ਆਸ਼ਾ ਰਾਣੀ 55 ਪਤਨੀ ਮਨਜੀਤ ਸਿੰਘ ਉਰਫ ਪੱਪੂ ਵਾਸੀ ਪਿੰਡ ਚਰਾਣ ਵਜੋਂ ਹੋਈ ਹੈ ਜਦਕਿ ਕਥਿਤ ਦੋਸ਼ੀ ਪਿੰਡ ਚਰਾਣ ਦਾ ਦੱਸਿਆ ਜਾ ਰਿਹਾ ਹੈ ਜੋ ਵਾਰਦਾਤ ਨੂੰ ਅੰਜਾਮ ਦੇਣ ਉਪਰੰਤ ਮੌਕੇ ਤੋਂ ਫਰਾਰ ਹੋ ਗਿਆ। ਉਸ ’ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਹੁਣ ਉਹ ਨਸ਼ੇ ਦੇ ਮਾਮਲੇ ’ਚ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਸੀ ਅਤੇ ਨਸ਼ੇ ਦਾ ਵੀ ਆਦੀ ਹੈ।

ਮ੍ਰਿਤਕਾ ਦੀ ਭਤੀਜੀ ਬਲਜੀਤ ਕੌਰ ਵਲੋਂ ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਮੁਤਾਬਕ ਬੀਤੀ ਰਾਤ 11 ਵਜੇ ਦੇ ਕਰੀਬ ਕਥਿਤ ਦੋਸ਼ੀ ਮੱਖਣ ਪੁੱਤਰ ਪਿਆਰਾ ਚੋਰੀ ਦੀ ਨੀਅਤ ਨਾਲ ਕੰਧ ਟੱਪ ਕੇ ਤੇਜ਼ਧਾਰ ਹਥਿਆਰ ਸਮੇਤ ਉਨ੍ਹਾਂ ਦੇ ਚਾਚੇ ਦੇ ਘਰ ਦਾਖਲ ਹੋਇਆ। ਉਸ ਸਮੇਂ ਘਰ ’ਚ ਇਕੱਲੀ ਚਾਚੀ ਹੀ ਮੌਜੂਦ ਸੀ। ਉਸਨੇ ਦੱਸਿਆ ਕਿ ਉਨ੍ਹਾਂ ਦਾ ਚਾਚਾ ਮਾਨਸਿਕ ਪੱਖੋਂ ਸਹੀ ਨਾ ਹੋਣ ਕਾਰਨ ਅਕਸਰ ਘਰੋਂ ਬਾਹਰ ਹੀ ਹੁੰਦਾ ਸੀ। ਇਸਦਾ ਫਾਇਦਾ ਉਠਾਉਂਦਿਆਂ ਉਕਤ ਵਿਅਕਤੀ ਘਰ ’ਚ ਦਾਖਲ ਹੋਇਆ। ਜਦੋਂ ਉਸਦੀ ਚਾਚੀ ਬਾਹਰ ਆਈ ਤਾਂ ਉਸ ਨੇ ਉਕਤ ਵਿਅਕਤੀ ਨੂੰ ਦੇਖ ਲਿਆ। ਜਦੋਂ ਉਹ ਚਾਚੀ ਦੇ ਕੰਨਾਂ ’ਚ ਪਾਈਆਂ ਵਾਲੀਆਂ ਨੂੰ ਝਪਟ ਮਾਰਨ ਲੱਗਾ ਤਾਂ ਉਸਦੀ ਚਾਚੀ ਵਲੋਂ ਰੌਲਾ ਪਾਉਣ ’ਤੇ ਉਸਨੇ ਉਸਦੀ ਚਾਚੀ ਦੀ ਚੁੰਨੀ ਨਾਲ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਸਦੀ ਚਾਚੀ ਦੇ ਕੰਨ ਵਿਚ ਪਾਈ ਇਕ ਸੋਨੇ ਦੀ ਵਾਲੀ ਵੀ ਗਾਇਬ ਸੀ।

ਹਨੇਰੇ ਦਾ ਫਾਇਦਾ ਉਠਾਉਂਦਿਆਂ ਉਹ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਆਸ਼ਾ ਰਾਣੀ ਦਾ ਇਕਲੌਤਾ ਪੁੱਤਰ ਇਸ ਸਮੇਂ ਸਿੱਕਿਮ ਦੀ ਸਰਹੱਦ ’ਤੇ ਫੌਜ ਵਿਚ ਸੇਵਾ ਨਿਭਾਅ ਰਿਹਾ ਹੈ। ਇਸ ਸਬੰਧੀ ਚੌਕੀ ਇੰਚਾਰਜ ਏ.ਐਸ.ਆਈ. ਅਰਮਜੀਤ ਕੌਰ ਨੇ ਦੱਸਿਆ ਕਿ ਥਾਣਾ ਸਦਰ ਪੁਲਿਸ ਵਲੋਂ ਮੁਕੱਦਮਾ ਨੰਬਰ 122 ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀ ਦੀ ਭਾਲ ਜਾਰੀ ਹੈ। ਉਸਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ