ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਹਰੀਕੇ ਹੈੱਡ ਵਰਕਸ 'ਤੇ ਕੀਤਾ ਰੋਸ ਪ੍ਰਦਰਸ਼ਨ

ਹਰੀਕੇ ਪੱਤਣ, 31 ਜੁਲਾਈ (ਸੰਜੀਵ ਕੁੰਦਰਾ)-ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਨਦੀਆਂ ਦਰਿਆਵਾਂ ਵਿਚ ਪਾਣੀ ਦਾ ਪੱਧਰ ਵੱਧ ਰਿਹਾ ਹੈ। ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਬਿਆਸ ਦਰਿਆ ਦੇ ਕਿਨਾਰੇ ਪੈਂਦੇ ਪਿੰਡਾਂ ਦੀਆਂ ਜ਼ਮੀਨਾਂ ਵਿਚ ਵੀ ਪਾਣੀ ਭਰ ਰਿਹਾ ਹੈ। ਇਸ ਦੇ ਰੋਸ ਵਜੋਂ ਬਿਆਸ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ ਉਤੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਜੱਜਵਿੰਦਰ ਸਿੰਘ ਸਭਰਾ ਦੀ ਅਗਵਾਈ ਹੇਠ ਕਿਸਾਨ ਆਗੂ ਇਕੱਤਰ ਹੋਏ, ਜਿਸ ਵਿਚ ਪਿੰਡ ਘੜਕਾ, ਬਾਊਪੁਰ, ਮੁੰਡਾ ਪਿੰਡ, ਗੁੱਜਰਪੁਰਾ, ਆਹਲੀ, ਸਾਂਘਰਾਂ ਅਤੇ
ਬਾਊਪੁਰ ਆਦਿ ਪਿੰਡਾਂ ਦੀਆਂ ਇਕਾਈਆਂ ਦੇ ਆਗੂ ਹਾਜ਼ਰ ਸਨ। ਇਨ੍ਹਾਂ ਕਿਸਾਨਾਂ ਨੇ ਹਰੀਕੇ ਹੈੱਡ ਵਰਕਸ ਦੇ ਗੇਟ ਖੋਲ੍ਹ ਕੇ ਪਾਣੀ ਅੱਗੇ ਛੱਡੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਜੱਜਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਬਿਆਸ ਦਰਿਆ ਦੇ ਕਿਨਾਰੇ ਪੈਂਦੇ ਪਿੰਡ ਘੜਕਾ, ਬਾਊਪੁਰ, ਮੁੰਡਾ ਪਿੰਡ, ਗੁੱਜਰਪੁਰਾ, ਆਹਲੀ, ਸਾਂਘਰਾਂ ਅਤੇ ਬਾਊਪੁਰ ਆਦਿ ਦਰਜਨਾਂ ਪਿੰਡਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅਤੇ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ ਤੇ ਦਰਿਆ ਨਜ਼ਦੀਕ ਪੈਂਦੇ ਪਿੰਡਾਂ ਵਿਚ ਬਣੇ ਆਰਜ਼ੀ ਬੰਨ੍ਹ ਟੁੱਟ ਗਏ ਹਨ ਪਰ ਸਰਕਾਰ ਅਤੇ ਲੀਡਰਾਂ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਨਹੀਂ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਹਰੀਕੇ ਹੈੱਡ ਵਰਕਸ ਉਤੇ ਇਕੱਠੇ ਹੋ ਕੇ ਹੈੱਡ ਵਰਕਸ ਦੇ ਅਧਿਕਾਰੀਆਂ ਨੂੰ ਮਿਲੇ ਅਤੇ ਮੰਗ ਕੀਤੀ ਕਿ ਹਰੀਕੇ ਹੈੱਡ ਵਰਕਸ ਦੇ ਗੇਟ ਖੋਲ੍ਹ ਕੇ ਪਾਣੀ ਅੱਗੇ ਨੂੰ ਲਗਾਤਾਰ ਛੱਡਿਆ ਜਾਵੇ ਤਾਂ ਜੋ ਪਾਣੀ ਦੀ ਨਿਕਾਸੀ ਨਾਲੋਂ-ਨਾਲ ਹੋਵੇ ਤੇ ਕਿਸਾਨਾਂ ਦੀਆਂ ਫਸਲਾਂ ਹੜ੍ਹਾਂ ਦੀ ਮਾਰ ਤੋਂ ਬਚ ਸਕਣ। ਮੀਤ ਪ੍ਰਧਾਨ ਜੱਜਵਿੰਦਰ ਸਿੰਘ ਨੇ ਕਿਹਾ ਕਿ ਅੱਜ ਹਰੀਕੇ ਹੈੱਡ ਵਰਕਸ ਦੇ 32 ਗੇਟਾਂ ਵਿਚੋਂ 2 ਗੇਟ ਹੀ ਖੋਲ੍ਹੇ ਗਏ ਹਨ ਜਦਕਿ ਪਿਛਲੇ ਪਾਸੇ ਦਰਜਨਾਂ ਪਿੰਡ ਪਾਣੀ ਨਾਲ ਡੁੱਬ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਰੀਕੇ ਹੈੱਡ ਵਰਕਸ ਦੇ ਅਧਿਕਾਰੀਆਂ ਨੇ ਤੁਰੰਤ ਗੇਟ ਖੋਲ੍ਹ ਕੇ ਪਾਣੀ ਦੀ ਨਿਕਾਸੀ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਹਰੀਕੇ ਹੈੱਡ ਵਰਕਸ ਉਤੇ ਵੱਡੇ ਪੱਧਰ ਉਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਰਾਸ਼ਟਰੀ ਮਾਰਗ 54 ਜਾਮ ਕੀਤਾ ਜਾਵੇਗਾ। ਇਸ ਦੌਰਾਨ ਵਿਰਸਾ ਸਿੰਘ ਘੜਕਾ, ਰਛਪਾਲ ਸਿੰਘ ਚੰਬਾਂ, ਰਾਜਨਜੀਤ ਸਿੰਘ ਮੁੰਡਾ ਪਿੰਡ, ਨਿਸ਼ਾਨ ਸਿੰਘ ਆਹਲੀ, ਕੁਲਦੀਪ ਸਿੰਘ ਸਾਘਰਾਂ, ਮਨਜੀਤ ਸਿੰਘ ਸਭਰਾ (ਇਕਾਈ ਪ੍ਰਧਾਨ) ਜਸਵਿੰਦਰ ਸਿੰਘ, ਮਨਦੀਪ ਸਿੰਘ ਅਤੇ ਰਣਜੀਤ ਸਿੰਘ ਆਦਿ ਆਗੂ ਹਾਜ਼ਰ ਸਨ।