ਨਗਰ ਕੌਂਸਲ ਦੀ ਤੀਜੀ ਮੀਟਿੰਗ 'ਚ ਵੀ ਕੂੜੇ ਦਾ ਹੱਲ ਨਾ ਨਿਕਲਿਆ

ਜਗਰਾਉਂ ( ਲੁਧਿਆਣਾ ) , 30 ਜੁਲਾਈ (ਕੁਲਦੀਪ ਸਿੰਘ ਲੋਹਟ) - ਨਗਰ ਕੌਂਸਲ ਜਗਰਾਉਂ ਨੇ ਅੱਜ ਕੂੜੇ ਨੂੰ ਲੈ ਕੇ ਰੱਖੀ ਤੀਜੀ ਮੀਟਿੰਗ ’ਚ ਵੀ ਕੌਂਸਲਰਾਂ ਨੇ ਝੱਲ ਖਿਲਾਰਿਆ ਤੇ ਕੂੜੇ ਦਾ ਹੱਲ ਕਰਨ ਦੀ ਥਾਂ ਇਕ ਦੂਜੇ ’ਤੇ ਦੋਸ਼ ਲਾ ਕੇ ਸਮਾਂ ਬਰਬਾਦੀ ਕੀਤੀ । ਸ਼ੁਰੂ-ਸ਼ੁਰੂ 'ਚ ਮਾਹੌਲ ਸ਼ਾਂਤ ਰਿਹਾ ਪਰੰਤੂ ਕੁਝ ਮਿੰਟਾਂ ਵਿਚ ਹੀ ਨਗਰ ਕੌਂਸਲ ਹਾਊਸ 'ਚ ਗਰਮੀ ਦਾ ਮਾਹੌਲ ਬਣ ਗਿਆ । ਹ ਅੱਜ ਦੀ ਮੀਟਿੰਗ ਵਿਚ ਕੌਂਸਲਰਾਂ ਨੇ ਆਪੋ-ਆਪਣੇ ਵਾਰਡਾਂ ਦੇ ਕੂੜੇ ਦੇ ਹੱਲ ਦਾ ਢੰਡੋਰਾ ਪਿੱਟਿਆ ਪਰੰਤੂ ਪ੍ਰਧਾਨ ਤੇ ਈ.ਓ। ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਤੇ ਬਾਰ-ਬਾਰ ਹਾਊਸ ਦੀ ਤੌਹੀਨ ਕਰਦੇ ਰਹੇ। ਪ੍ਰੈਸ ਦੀ ਮੌਜੂਦਗੀ ’ਚ ਮੀਟਿੰਗ 'ਚ ਕਈ ਵਾਰ ਹੰਗਾਮਾਂ ਹੋਣੋਂ ਟਲਿਆ।
ਇਸ ਮੌਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕੌਂਸਲਰਾਂ ਦੀ ਮੰਗ ’ਤੇ ਹਲਕਾ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂਕੇ ਨਾਲ ਵੀ ਗੱਲ ਕੀਤੀ ਤੇ ਕੂੜੇ ਦੇ ਨਿਪਟਾਰੇ ਲਈ ਫੋਨ ਕਰਕੇ ਸਹਿਯੋਗ ਦੀ ਮੰਗ ਕੀਤੀ ਤੇ ਵਿਧਾਇਕ ਮਾਣੂੰਕੇ ਨੇ ਪ੍ਰਧਾਨ ਸਮੇਤ ਸਾਰੇ ਕੌਂਸਲਰਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦੁਹਰਾਇਆ । ਮੀਟਿੰਗ ਵਿਚ ਕੌਂਸਲਰ ਗੁਰਪ੍ਰੀਤ ਕੌਰ ਤੱਤਲਾ ਨੇ ਕਿਹਾ ਕਿ ਉਸ ਦੇ ਵਾਰਡ ਵਿਚੋਂ ਪਿਛਲੇ ਕਈ ਦਿਨਾਂ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਮੈਂਬਰ ਸਮੂਹ ਕੌਂਸਲਰਾਂ ਨੂੰ ਅਸਤੀਫ਼ਾ ਦੇਣ ਲਈ ਆਖ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਦੀ ਸੇਵਾ ਕਰ ਰਹੇ ਹਨ। ਸਾਨੂੰ ਨਗਰ ਕੌਂਸਲ ਤੋਂ ਨਹੀਂ ਸਹਿਯੋਗ ਮਿਲ ਰਿਹਾ ਹੈ।ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਨੇ ਕਿਹਾ ਕਿ ਸ਼ਹਿਰ ਅੰਦਰ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ। ਕੁਝ ਸਮਾਂ ਬਰਸਾਤ ਆਉਣ ’ਤੇ ਪੁਰਾਣੀ ਦਾਣਾ ਮੰਡੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਨੇ ਲੱਖਾਂ ਰੁਪਏ ਲਗਾ ਕੇ ਕੂੜੇ ਦੇ ਨਿਪਟਾਰੇ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਲਈ ਮਸ਼ੀਨਰੀ ਖ਼ਰੀਦੀ ਹੈ ਪਰ ਅਜੇ ਤੱਕ ਉਸ ਦੀ ਵਰਤੋਂ ਨਹੀਂ ਹੋ ਰਹੀ ਹੈ।
ਉਹ ਮਸ਼ੀਨਰੀ ਕਮੇਟੀ ਵਿਚ ਪਈ ਸੜ ਰਹੀ ਹੈ। ਕੌਂਸਲਰ ਜਰਨੈਲ ਸਿੰਘ ਲੋਹਟ ਨੇ ਕਿਹਾ ਕਿ ਉਸ ਦੇ ਵਾਰਡ ਦੇ ਛੱਪੜ ਦੀ ਸਫ਼ਾਈ ਲਈ ਕਮੇਟੀ ਕੋਲ ਗ੍ਰਾਂਟ ਆਈ ਹੋਈ ਹੈ ਪਰ ਅਜੇ ਤੱਕ ਉਥੇ ਕੋਈ ਕੰਮ ਸ਼ੁਰੂ ਨਹੀਂ ਕੀਤਾ ਗਿਆ ਹੈ। ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਨੇ ਕਿਹਾ ਕਿ ਸਾਇੰਸ ਕਾਲਜ ਕੋਲ ਸੜਕ ਦਾ ਬੁਰਾ ਹਾਲ ਹੈ। ਇਸ ਸੜਕ ’ਤੇ ਪਏ ਟੋਇਆਂ ਕਾਰਨ ਇਥੋਂ ਦੀ ਲੰਘਣਾ ਕਿਸੇ ਮੁਸੀਬਤ ਨੂੰ ਛੇੜਨ ਦੇ ਬਰਾਬਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਭਦਰਕਾਲੀ ਮੰਦਰ ਨੇੜੇ ਪਾਰਕ ਬਣਾਉਣ ਅਤੇ ਉਸ ਦੀ ਸਫ਼ਾਈ ਲਈ 1 ਕਰੋੜ 29 ਲੱਖ ਰੁਪਏ ਕਮੇਟੀ ਕੋਲ ਆਏ ਹਨ ਪਰ ਅਜੇ ਤੱਕ ਉਥੇ ਪਾਰਕ ਨਹੀਂ ਬਣ ਸਕੀ ਹੈ। ਇਸ ਮੌਕੇ ਸੁਖਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਕੂੜੇ ਦੇ ਨਿਪਟਾਰੇ ਲਈ ਸ਼ਹਿਰ ਤੋਂ ਕੁਝ ਦੂਰ ਜ਼ਮੀਨ ਠੇਕੇ ’ਤੇ ਲਈ ਜਾਵੇ ਅਤੇ ਉਥੇ ਸਾਰੇ ਸ਼ਹਿਰ ਦਾ ਕੂੜਾ ਸੁੱਟ ਕੇ ਉਸ ਦੀ ਛਾਂਟ-ਛਟਾਈ ਕੀਤੀ ਜਾਵੇਗੀ , ਇਸ ਨਾਲ ਕੂੜੇ ਦੀ ਸਮੱਸਿਆ ਦਾ ਪੱਕਾ ਹੱਲ ਨਿਕਲ ਸਕੇਗਾ।