ਕਾਰਗਿਲ ਵਿਜੇ ਦਿਵਸ 'ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ

ਚੰਡੀਗੜ੍ਹ, 26 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਗਿਲ ਵਿਜੇ ਦਿਵਸ ਦੀ 26ਵੀਂ ਵਰ੍ਹੇਗੰਢ 'ਤੇ 1999 ਦੇ ਕਾਰਗਿਲ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਕਿਹਾ ਕਿ ਅਸੀਂ 1999 ਦੇ ਕਾਰਗਿਲ ਯੁੱਧ ਵਿਚ ਬਹਾਦਰੀ ਦਾ ਇਕ ਬੇਮਿਸਾਲ ਅਧਿਆਇ ਲਿਖਣ ਵਾਲੇ ਸਾਰੇ ਬਹਾਦਰ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਦੀ ਭਾਵਨਾ ਅਤੇ ਹਿੰਮਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਪੰਜਾਬੀ ਵਿਚ ਇਕ ਪੋਸਟ ਪਾਈ।
ਮੁੱਖ ਮੰਤਰੀ ਨੇ ਇਥੇ ਬੋਗਨਵਿਲੀਆ ਗਾਰਡਨ ਵਿਖੇ ਜੰਗੀ ਸਮਾਰਕ 'ਤੇ ਫੁੱਲਮਾਲਾ ਵੀ ਭੇਟ ਕੀਤੀ ਅਤੇ ਕਾਰਗਿਲ ਯੁੱਧ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸਲਾਮ ਕੀਤਾ। ਇਸ ਦੌਰਾਨ ਰੱਖਿਆ ਸੇਵਾਵਾਂ ਭਲਾਈ ਅਤੇ ਆਜ਼ਾਦੀ ਘੁਲਾਟੀਆਂ ਮੰਤਰੀ ਮਹਿੰਦਰ ਭਗਤ ਵੀ ਇਸ ਮੌਕੇ ਮੌਜੂਦ ਸਨ।
26 ਜੁਲਾਈ, 1999 ਨੂੰ ਭਾਰਤੀ ਫੌਜ ਨੇ ਲੱਦਾਖ ਵਿਚ ਕਾਰਗਿਲ ਦੀਆਂ ਬਰਫੀਲੀਆਂ ਉਚਾਈਆਂ 'ਤੇ ਲਗਭਗ ਤਿੰਨ ਮਹੀਨੇ ਚੱਲੀ ਲੜਾਈ ਤੋਂ ਬਾਅਦ ਜਿੱਤ ਦਾ ਐਲਾਨ ਕਰਦੇ ਹੋਏ "ਆਪ੍ਰੇਸ਼ਨ ਵਿਜੇ" ਦੇ ਸਫਲ ਸਿੱਟੇ ਦਾ ਐਲਾਨ ਕੀਤਾ। ਇਸ ਦਿਨ ਨੂੰ ਕਾਰਗਿਲ ਵਿਜੇ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਜੋ ਭਾਰਤ ਦੀ ਪਾਕਿਸਤਾਨ ਉੱਤੇ ਜੰਗ ਵਿਚ ਜਿੱਤ ਦੀ ਯਾਦ ਦਿਵਾਈ ਜਾ ਸਕੇ।