ਐਸ.ਡੀ.ਐਮ.ਮਾਨਸਾ ਨਾਲ ਦੁਰਵਿਵਹਾਰ ਕਰਨ ਦੇ ਦੋਸ਼ 'ਚ ਕੌਂਸਲਰ ਨੇਮ ਕੁਮਾਰ ਨੇਮਾ ਖ਼ਿਲਾਫ਼ ਮਾਮਲਾ ਦਰਜ

ਮਾਨਸਾ, 23 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਕਾਲਾ ਰਾਮ ਕਾਂਸਲ ਐਸ.ਡੀ.ਐਮ. ਮਾਨਸਾ ਦੀ ਸ਼ਿਕਾਇਤ ’ਤੇ ਵਾਰਡ ਨੰ: 18 ਦੇ ਕੌਂਸਲਰ ਨੇਮ ਕੁਮਾਰ ਨੇਮਾ ਖ਼ਿਲਾਫ਼ ਦੁਰਵਿਵਹਾਰ ਕਰਨ ਦੇ ਦੋਸ਼ ’ਚ ਧਾਰਾ 126 (2), 132, 221, 351 ਬੀ.ਐਨ.ਐਸ. ਤਹਿਤ ਮੁਕੱਦਮਾ ਦਰਜ ਕੀਤਾ ਹੈ।
ਦੱਸ ਦਈਏ ਕਿ ਬੀਤੇ ਕੱਲ੍ਹ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਦੇ ਅਹੁਦਿਆਂ ਲਈ ਚੋਣ ਹੋਈ ਸੀ। ਡਿਪਟੀ ਕਮਿਸ਼ਨਰ ਵਲੋਂ ਐਸ.ਡੀ.ਐਮ. ਨੂੰ ਚੋਣ ਕਨਵੀਨਰ ਨਿਯੁਕਤ ਕੀਤਾ ਗਿਆ ਸੀ। ਕੌਂਸਲਰ ਨੇਮ ਕੁਮਾਰ ਨੇਮਾ ਸੀਨੀਅਰ ਮੀਤ ਪ੍ਰਧਾਨ ਲਈ ਉਮੀਦਵਾਰ ਸਨ ਜਦਕਿ ਵੋਟਿੰਗ ਦੌਰਾਨ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਤੇ ਵਿਸ਼ਾਲ ਜੈਨ ਗੋਲਡੀ ਜੇਤੂ ਰਹੇ ਸਨ। ਚੋਣ ਉਪਰੰਤ ਨੇਮਾ ਦਾ ਦੋਸ਼ ਸੀ ਕਿ ਚੋਣ ਅਧਿਕਾਰੀ ਨੇ ਸਿਆਸੀ ਦਬਾਅ ਅਧੀਨ ਉਸ ਨੂੰ ਹਾਰਿਆ ਕਰਾਰ ਦਿੱਤਾ ਹੈ।
ਉਸ ਦਾ ਦਾਅਵਾ ਸੀ ਕਿ ਵਧੇਰੇ ਕੌਂਸਲਰਾਂ ਨੇ ਉਸ ਦੇ ਹੱਕ ’ਚ ਸਹਿਮਤੀ ਜੁਟਾਈ ਸੀ। ਇਸ ਦੇ ਚੱਲਦਿਆਂ ਜਦੋਂ ਐਸ.ਡੀ.ਐਮ. ਕਾਂਸਲ ਬੱਚਤ ਭਵਨ ’ਚੋਂ ਬਾਹਰ ਆਏ ਤਾਂ ਨੇਮਾ ਤੇ ਸਾਥੀਆਂ ਨੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰਨ ਦੇ ਨਾਲ ਹੀ ਨਿੱਜੀ ਤੌਰ ’ਤੇ ਦੂਸ਼ਣ ਵੀ ਲਗਾਏ, ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋਈ। ਚੋਣ ਕਨਵੀਨਰ ਵਲੋਂ ਲਿਖਤੀ ਸ਼ਿਕਾਇਤ ’ਚ ਦੱਸਿਆ ਗਿਆ ਕਿ ਉਕਤ ਵਲੋਂ ਦੁਰਵਿਵਹਾਰ ਕਰਨ ਦੇ ਨਾਲ ਹੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਡੀ.ਐਸ.ਪੀ. ਸਬ-ਡਵੀਜ਼ਨ ਮਾਨਸਾ ਬੂਟਾ ਸਿੰਘ ਗਿੱਲ ਨੇ ‘ਅਜੀਤ’ ਵਲੋਂ ਸੰਪਰਕ ਕਰਨ ’ਤੇ ਦੱਸਿਆ ਕਿ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਦੋਸ਼ੀ ਗ੍ਰਿਫ਼ਤਾਰ ਤੋਂ ਬਾਹਰ ਹੈ।