ਗੁਰੂ ਗੋਬਿੰਦ ਸਿੰਘ ਰਿਫਾਇਨਰੀ ਤੋਂ ਐਚ.ਪੀ.ਸੀ.ਐਲ. ਬਠਿੰਡਾ ਡਿਪੂ ਨੂੰ ਜਾਣ ਵਾਲੀ ਪਾਈਪਲਾਈਨ 'ਚ ਤੇਲ ਚੋਰੀ

ਰਾਮਾਂ ਮੰਡੀ, 17 ਜੁਲਾਈ (ਤਰਸੇਮ ਸਿੰਗਲਾ)-ਗੁਰੂ ਗੋਬਿੰਦ ਸਿੰਘ ਰਿਫਾਇਨਰੀ ਫੁਲੋਖਾਰੀ ਤੋਂ ਬਠਿੰਡਾ ਐਚ.ਪੀ.ਸੀ.ਐਲ. ਤੇਲ ਡਿਪੂ ਨੂੰ ਜਾਣ ਵਾਲੀ ਜ਼ਮੀਨਦੋਜ਼ ਤੇਲ ਪਾਈਪ ਲਾਈਨ ਵਿਚ ਅਣਪਛਾਤੇ ਵਿਅਕਤੀਆਂ ਦੇ ਇਕ ਗਰੋਹ ਵਲੋਂ ਸੁਰਾਖ ਕਰਕੇ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਫੁਲੋਖਾਰੀ ਰੋਡ ਉਤੇ ਸਥਿਤ ਐਚ.ਪੀ.ਸੀ.ਐਲ. ਗੈਸ ਪਲਾਂਟ ਦੇ ਗੇਟ ਨਾਲ ਲੱਗਦੀ ਪਾਰਕਿੰਗ ਨੇੜੇ ਹੀ ਖੇਤਾਂ ਵਿਚੋਂ ਦੀ ਲੰਘਦੀ ਤੇਲ ਪਾਈਪ ਲਾਈਨ ਵਿਚੋਂ ਅਣਪਛਾਤੇ ਵਿਅਕਤੀਆਂ ਦੇ ਇਕ ਗਰੋਹ ਵਲੋਂ ਸੁਰਾਖ ਕਰਕੇ ਤੇਲ ਚੋਰੀ ਕੀਤਾ ਜਾ ਰਿਹਾ ਸੀ ਜੋ ਕਿ ਉਥੇ ਹੀ ਝੌਪੜੀ ਬਣਾ ਕੇ ਰਹਿ ਰਹੇ ਸਨ, ਜਿਸ ਦਾ ਪਤਾ ਲੱਗਣ ਤੋਂ ਬਾਅਦ ਅਧਿਕਾਰੀਆਂ ਵਲੋਂ ਪਾਈਪ ਲਾਈਨ ਵਿਚ ਕੀਤੇ ਸੁਰਾਖ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ।
ਜਾਣਕਾਰੀ ਅਨੁਸਾਰ ਰਿਫਾਇਨਰੀ ਨੂੰ ਆਉਣ ਵਾਲੇ ਕੱਚੇ ਤੇਲ ਲਈ ਪਾਈ ਗਈ ਜ਼ਮੀਨਦੋਜ਼ ਪਾਈਪ ਲਾਈਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਹੈ ਅਤੇ ਰਿਫਾਇਨਰੀ ਵਿਚੋਂ ਪਾਈਪ ਲਾਈਨ ਰਾਹੀਂ ਜਾਣ ਵਾਲੀ ਗੈਸ ਅਤੇ ਤੇਲ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਐਚ.ਪੀ.ਸੀ.ਐਲ. ਕਰ ਰਹੀ ਹੈ। ਅੱਜ ਐਚ.ਪੀ.ਸੀ.ਐਲ. ਦੇ ਸਕਿਓਰਿਟੀ ਗਾਰਡ ਨੂੰ ਜਦੋਂ ਇਸਦਾ ਪਤਾ ਲੱਗਾ ਤਾਂ ਉਸ ਵਲੋਂ ਇਸਦੀ ਸੂਚਨਾ ਐਚ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਪਾਈਪ ਲਾਈਨ ਨੂੰ ਠੀਕ ਕੀਤਾ ਗਿਆ। ਉਥੇ ਹੀ ਜਦੋਂ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਟੀਮ ਨੇ ਵੀ ਮੌਕੇ ਉਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਤੇਲ ਚੋਰ ਉਸ ਸਮੇਂ ਫ਼ਰਾਰ ਹੋ ਚੁੱਕਿਆ ਸੀ। ਇਸ ਘਟਨਾ ਬਾਰੇ ਜਦੋਂ ਨੇੜੇ ਰਹਿੰਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਸਾਜ਼ਿਸ਼ ਵਿਚ ਕਿਸੇ ਵੱਡੇ ਵਿਅਕਤੀ ਦਾ ਹੱਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੰਦਰੂਨੀ ਵਿਅਕਤੀ ਦੀ ਮਦਦ ਤੋਂ ਬਿਨਾਂ ਤੇਲ ਪਾਈਪ ਲਾਈਨ ਨਾਲ ਛੇੜਛਾੜ ਕਰਨਾ ਸੰਭਵ ਨਹੀਂ ਹੈ। ਸਥਾਨਕ ਲੋਕਾਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਭਾਵੇਂ ਤੇਲ ਪਾਈਪ ਲਾਈਨ ਵਿਚ ਕੀਤੇ ਸੁਰਾਖ ਕਾਰਨ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਪਰ ਇਸ ਮਾਮਲੇ ਨੂੰ ਅਧਿਕਾਰੀਆਂ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਗਿਆ।