JALANDHAR WEATHER

ਯੂਲੀਆ ਸਵੀਰੀਡੇਨਕੋ ਬਣੀ ਯੂਕਰੇਨ ਦੀ ਨਵੀਂ ਪ੍ਰਧਾਨ ਮੰਤਰੀ

ਨਵੀਂ ਦਿੱਲੀ, 17 ਜੁਲਾਈ-ਅਮਰੀਕਾ ਨਾਲ ਖਣਿਜ ਸੌਦੇ ਦੀ ਮੁੱਖ ਵਾਰਤਾਕਾਰ ਯੂਲੀਆ ਸਵੀਰੀਡੇਨਕੋ ਨੂੰ ਯੂਕਰੇਨ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਰੂਸ ਨਾਲ ਜੰਗ ਲੜ ਰਹੇ ਯੂਕਰੇਨ ਵਿਚ ਇਕ ਮਹੱਤਵਪੂਰਨ ਰਾਜਨੀਤਿਕ ਤਬਦੀਲੀ ਆਈ ਹੈ। ਦੇਸ਼ ਦੀ ਸਾਬਕਾ ਵਿੱਤ ਮੰਤਰੀ ਯੂਲੀਆ ਨੂੰ ਯੂਕਰੇਨ ਦੀ ਨਵੀਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਡੇਨਿਸ ਸ਼ਮੀਹਾਲ ਦੀ ਜਗ੍ਹਾ ਲਵੇਗੀ, ਜਿਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਸ਼ਮੀਹਾਲ ਨੇ 4 ਮਾਰਚ, 2020 ਨੂੰ ਆਪਣੀ ਨਿਯੁਕਤੀ ਤੋਂ ਬਾਅਦ ਪੰਜ ਸਾਲ ਤੋਂ ਵੱਧ ਸਮੇਂ ਤੱਕ ਇਸ ਅਹੁਦੇ 'ਤੇ ਸੇਵਾ ਨਿਭਾਈ। ਯੂਲੀਆ ਨੂੰ ਨਵਾਂ ਪ੍ਰਧਾਨ ਮੰਤਰੀ ਬਣਾਉਣ ਦਾ ਕਾਰਨ ਯੂਕਰੇਨ ਦੇ ਅਮਰੀਕਾ ਨਾਲ ਇਕ ਮਹੱਤਵਪੂਰਨ ਖਣਿਜ ਸਮਝੌਤੇ ਵਿਚ ਉਸਦੀ ਮੁੱਖ ਭੂਮਿਕਾ ਮੰਨਿਆ ਜਾਂਦਾ ਹੈ।

ਯੂਲੀਆ ਦਾ ਜਨਮ 25 ਦਸੰਬਰ 1985 ਨੂੰ ਚੇਰਨੀਹੀਵ ਵਿਚ ਹੋਇਆ ਸੀ ਅਤੇ ਉਸਨੇ 2008 ਵਿਚ ਕੀਵ ਨੈਸ਼ਨਲ ਯੂਨੀਵਰਸਿਟੀ ਆਫ਼ ਟ੍ਰੇਡ ਐਂਡ ਇਕਨਾਮਿਕਸ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉਸਨੇ 2015 ਵਿਚ ਜਨਤਕ ਸੇਵਾ ਵਿਚ ਦਾਖਲਾ ਲਿਆ ਅਤੇ ਨਵੰਬਰ 2021 ਤੋਂ ਉਹ ਯੂਕਰੇਨ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਅਤੇ ਆਰਥਿਕ ਵਿਕਾਸ ਅਤੇ ਵਪਾਰ ਮੰਤਰੀ ਵਜੋਂ ਸੇਵਾ ਨਿਭਾਅ ਰਹੀ ਸੀ। ਯੂਲੀਆ ਅਮਰੀਕਾ ਅਤੇ ਯੂਕਰੇਨ ਵਿਚਕਾਰ ਖਣਿਜ ਸਮਝੌਤੇ ਲਈ ਗੱਲਬਾਤ ਦਾ ਇਕ ਮਹੱਤਵਪੂਰਨ ਹਿੱਸਾ ਸੀ। ਉਸਨੇ ਅਕਸਰ ਪੱਛਮੀ ਸਹਿਯੋਗੀਆਂ ਨਾਲ ਮਹੱਤਵਪੂਰਨ ਮੀਟਿੰਗਾਂ ਵਿਚ ਯੂਕਰੇਨ ਦੀ ਨੁਮਾਇੰਦਗੀ ਕੀਤੀ। ਉਸ ਨੇ ਮੁੱਖ ਤੌਰ 'ਤੇ ਰੱਖਿਆ, ਆਰਥਿਕ ਪੁਨਰ ਨਿਰਮਾਣ ਅਤੇ ਬਹਾਲੀ ਦੇ ਯਤਨਾਂ ਦੇ ਸੰਬੰਧ ਵਿਚ ਮੋਹਰੀ ਭੂਮਿਕਾ ਨਿਭਾਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ