ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਯਾਤਰੀਆਂ ਲਈ ਲੰਬੇ ਅਰਸੇ ਤੋਂ ਬੰਦ ਪਈ ਮੁਫ਼ਤ ਵਾਈ-ਫਾਈ ਇੰਟਰਨੈਟ ਸੁਵਿਧਾ ਮੁੜ ਬਹਾਲ

ਅੰਮ੍ਰਿਤਸਰ, 17 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਿਛਲੇ ਕਈ ਸਾਲਾਂ ਤੋਂ ਬੰਦ ਹੋਈ ਮੁਫ਼ਤ ਵਾਈ-ਫਾਈ ਇੰਟਰਨੈੱਟ ਦੀ ਸਹੂਲਤ ਹੁਣ ਮੁੜ ਬਹਾਲ ਕਰ ਦਿੱਤੀ ਗਈ ਹੈ। ਇਹ ਸਹੂਲਤ ਖਾਸ ਕਰਕੇ ਵਿਦੇਸ਼ੀ ਯਾਤਰੀਆਂ ਲਈ ਇਕ ਮਹੱਤਵਪੂਰਨ ਕਦਮ ਹੈ। ਇਸ ਮਾਮਲੇ ਨੂੰ ਲੰਮੇ ਸਮੇਂ ਤੋਂ ਉੱਠਾਉਂਦੇ ਆ ਰਹੇ ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਕਈ ਵਾਰ ਇਹ ਮਸਲਾ ਏਅਰਪੋਰਟ ਅਥਾਰਟੀ ਆਫ਼ ਇੰਡੀਆ, ਏਅਰਪੋਰਟ ਡਾਇਰੈਕਟਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਮੀਡੀਆ, ਚਿੱਠੀਆਂ ਅਤੇ ਨਿੱਜੀ ਤੌਰ ’ਤੇ ਮੁਲਾਕਾਤ ਰਾਹੀਂ ਰੱਖਿਆ ਸੀ। ਪਿਛਲੇ ਕਈ ਸਾਲਾਂ ਤੋਂ ਵਾਈ-ਫਾਈ ਦੀ ਸਹੂਲਤ ਨਾ ਹੋਣ ਕਾਰਨ, ਵੱਡੀ ਗਿਣਤੀ ਵਿਚ ਯਾਤਰੀ ਸ਼ਿਕਾਇਤ ਕਰਦੇ ਸਨ ਕਿ ਆਧੁਨਿਕ ਯੁੱਗ ਵਿਚ ਇਹ ਬੁਨਿਆਦੀ ਸਹੂਲਤ ਉਨ੍ਹਾਂ ਨੂੰ ਉਪਲਬਧ ਨਹੀਂ ਸੀ।
ਅਮਰੀਕਾ ਸਥਿਤ ਹਵਾਬਾਜ਼ੀ ਵਿਸ਼ਲੇਸ਼ਕ ਅਤੇ ਫ਼ਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਹਵਾਈ ਅੱਡੇ ’ਤੇ ਮੁਫ਼ਤ ਵਾਈ-ਫਾਈ ਦੀ ਸਹੂਲਤ ਨੂੰ ਮੁੜ ਚਾਲੂ ਕਰਨਾ ਬਹੁਤ ਜ਼ਰੂਰੀ ਸੀ। ਅਸੀਂ ਇਹ ਮਸਲਾ ਵਾਰ-ਵਾਰ ਉੱਠਾਇਆ, ਕਿਉਂਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਹ ਇੱਥੇ ਪਹੁੰਚ ਕੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਦੇ ਨਾਲ ਨਾਲ ਉਡਾਣ, ਟਰਾਂਸਪੋਰਟ ਜਾਂ ਹੋਟਲ ਬੁਕਿੰਗ ਵਰਗੀਆਂ ਸੂਚਨਾਵਾਂ ਤੁਰੰਤ ਪ੍ਰਾਪਤ ਕਰ ਸਕਣ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨਵੀਨਰ ਇੰਡੀਆ ਅਤੇ ਮੰਚ ਦੇ ਜਨਰਲ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ ਕਿ ਇਹ ਮੁਫ਼ਤ ਵਾਈ-ਫਾਈ ਸੁਵਿਧਾ ਹਰ ਰੋਜ਼ ਅੰਮ੍ਰਿਤਸਰ ਏਅਰਪੋਰਟ ’ਤੇ ਯਾਤਰੀਆਂ ਲਈ 45 ਮਿੰਟ ਤੱਕ ਉਪਲਬਧ ਰਹੇਗੀ।