ਚਲਦੀ ਬੱਸ 'ਚੋਂ ਡਿੱਗੀਆਂ 2 ਵਿਦਿਆਰਥਣਾਂ, ਇਕ ਦੀ ਮੌਤ, ਦੂਜੀ ਜ਼ਖਮੀ

ਡੇਰਾ ਬਾਬਾ ਨਾਨਕ, 16 ਜੁਲਾਈ (ਹੀਰਾ ਸਿੰਘ ਮਾਂਗਟ)-ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਸਕੂਲ ਵਿਖੇ ਪੜ੍ਹਨ ਵਾਲੀਆਂ ਦੋ ਵਿਦਿਆਰਥਣਾਂ ਚਲਦੀ ਬੱਸ ਵਿਚੋਂ ਡਿੱਗ ਗਈਆਂ ਜਿਨ੍ਹਾਂ ਵਿਚੋਂ ਇਕ ਦੀ ਮੌਤ ਤੇ ਇਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਕੋਠੇ ਦੇ ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਭਜਨ ਸਿੰਘ ਤੇ ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀ ਲੜਕੀ ਮਹਿਕਪ੍ਰੀਤ ਕੌਰ (17) ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਕੋਠੇ ਜੋ ਕਿ 12ਵੀਂ ਜਮਾਤ ਦੀ ਵਿਦਿਆਰਥਣ ਹੈ ਤੇ ਡੇਰਾ ਬਾਬਾ ਨਾਨਕ ਦੇ ਸਕੂਲ ਵਿਖੇ ਪੜ੍ਹਦੀ ਹੈ।
ਉਨ੍ਹਾਂ ਆਖਿਆ ਕਿ ਮਹਿਕਪ੍ਰੀਤ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਇਕ ਪ੍ਰਾਈਵੇਟ ਬੱਸ ਉਤੇ ਸਵਾਰ ਹੋ ਕੇ ਹੋਰ ਵਿਦਿਆਰਥਣਾਂ ਨਾਲ ਆਪਣੇ ਸਕੂਲ ਪੜ੍ਹਨ ਵਾਸਤੇ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਉਸ ਦੀ ਬੱਸ ਡੇਰਾ ਬਾਬਾ ਨਾਨਕ ਉਸਦੇ ਸਕੂਲ ਦੇ ਨਜ਼ਦੀਕ ਪੁੱਜੀ ਤਾਂ ਸਕੂਲ ਉਤਰਨ ਵਾਸਤੇ ਬੱਸ ਦੀ ਬਾਰੀ ਵਿਚ ਖੜ੍ਹੀਆਂ ਦੋ ਲੜਕੀਆਂ ਅਚਾਨਕ ਹੱਥ ਖਿਸਕਣ ਨਾਲ ਚੱਲਦੀ ਬੱਸ ਵਿਚੋਂ ਥੱਲੇ ਡਿੱਗ ਪਈਆਂ, ਜਿਸ ਕਾਰਨ ਦੋਵੇਂ ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ।
ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਵਲੋਂ ਦੋਵਾਂ ਲੜਕੀਆਂ ਨੂੰ ਤੁਰੰਤ ਨਜ਼ਦੀਕੀ ਇਕ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਵਲੋਂ ਮਹਿਕਪ੍ਰੀਤ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸ ਨੂੰ ਬਟਾਲਾ ਲਈ ਰੈਫਰ ਕਰ ਦਿੱਤਾ ਗਿਆ ਜਿਥੇ ਜ਼ਖਮਾਂ ਦੀ ਪੀੜ ਨਾ ਸਹਾਰਦਿਆਂ ਮਹਿਕਪ੍ਰੀਤ ਦੀ ਮੌਤ ਹੋ ਗਈ, ਜਦਕਿ ਉਸ ਦੀ ਸਾਥੀ ਵਿਦਿਆਰਥਣ ਜ਼ੇਰੇ ਇਲਾਜ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਹਿਕਪ੍ਰੀਤ ਇਕ ਗਰੀਬ ਪਰਿਵਾਰ ਦੀ ਲੜਕੀ ਸੀ, ਜਿਸ ਦੀ ਇਸ ਹਾਦਸੇ ਦੌਰਾਨ ਮੌਤ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।