ਹਲਕਾ ਪਾਇਲ 'ਚ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦਾ ਫੂਕਿਆ ਪੁਤਲਾ

ਮਲੌਦ (ਖੰਨਾ), 16 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਹੈਨਰੀ ਦੇ ਲੜਕੇ ਜਲੰਧਰ ਤੋਂ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਇਕ ਗੁਰਸਿੱਖ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਗਾਲ੍ਹ ਕੱਢਣ ਦੇ ਮਾਮਲੇ ਨੇ ਇਨ੍ਹਾਂ ਕੁ ਤੂਲ ਫੜ ਲਿਆ ਕਿ ਕਾਂਗਰਸੀ ਵਿਧਾਇਕ ਦਾ ਬਹੁ-ਗਿਣਤੀ ਐਸ.ਸੀ. ਭਾਈਚਾਰੇ ਦੇ ਲੋਕਾਂ ਵਲੋਂ ਪੁਤਲਾ ਫੂਕਿਆ ਗਿਆ।
ਮਲੌਦ ਦੇ ਮੁੱਖ ਚੌਕ ਵਿਚ ਪੁਤਲਾ ਫੂਕਣ ਸਮੇਂ ਕਾਂਗਰਸ ਪਾਰਟੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਧਨਾਢ ਆਗੂ ਐਸ.ਸੀ. ਪਰਿਵਾਰਾਂ ਦੇ ਲੋਕਾਂ ਨੂੰ ਆਪਣੀ ਧੌਂਸ ਨਾਲ ਦਬਾਉਣਾ ਚਾਹੁੰਦੇ ਹਨ ਪਰ ਭਾਰਤੀ ਸੰਵਿਧਾਨ ਦੇ ਮੋਢੀ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੇ ਬਰਾਬਰਤਾ ਦੇ ਹੱਕ ਦਿਵਾਉਣ ਲਈ ਦੱਬੇ-ਕੁਚਲੇ ਲੋਕਾਂ ਦੀ ਪਿੱਠ ਥਾਪੜੀ ਸੀ ਪਰ ਘਮੰਡੀ ਕਾਂਗਰਸੀ ਕੁਝ ਦਿਨ ਪਹਿਲਾਂ ਸੰਵਿਧਾਨ ਬਚਾਓ ਰੈਲੀ ਦਾ ਢੌਂਗ ਰਚ ਕੇ ਆਪਣੀ ਡਿੱਗ ਚੁੱਕੀ ਸਾਖ ਨੂੰ ਬਚਾਉਣ ਲਈ ਤਰਲੋ-ਮੱਛੀ ਹੋਏ ਪਏ ਸਨ।
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਤੇ ਕੌਂਸਲਰ ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਤੋਂ ਸੂਬੇ ਦੇ ਹਰ ਵਰਗ ਨਾਲ ਸਬੰਧਿਤ ਲੋਕਾਂ ਸਮੇਤ ਬੱਚੇ-ਬੱਚੇ ਨੂੰ ਸੁਨੇਹਾ ਪਹੁੰਚਦਾ ਹੈ ਪਰ ਕਾਂਗਰਸੀ ਮਰਿਆਦਾ ਨੂੰ ਭੁੱਲ ਕੇ ਐਸ.ਸੀ. ਵਰਗ ਨਾਲ ਸਬੰਧਿਤ ਚੁਣੇ ਹੋਏ ਨੁਮਾਇੰਦੇ ਨੂੰ ਗਾਲ੍ਹ ਕੱਢ ਕੇ ਐਸ.ਸੀ. ਭਾਈਚਾਰੇ ਉੱਪਰ ਹਮਲਾ ਕਰਨਾ ਅਤੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜਾਤ-ਪਾਤ ਦਾ ਵਖਰੇਵਾਂ ਰੱਖਣ ਵਾਲੇ ਕਾਂਗਰਸੀ ਵਿਧਾਇਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਹੋਰ ਇਹੋ ਜਿਹੀ ਹਰਕਤ ਕਰਨ ਦੀ ਜੁਅਰਤ ਨਾ ਕਰ ਸਕੇ।