ਇਨਸਾਫ ਨਾ ਮਿਲਣ ਕਰਕੇ ਪਰਿਵਾਰ ਵਲੋਂ ਲਾਸ਼ ਨੂੰ ਸੜਕ 'ਤੇ ਰੱਖ ਕੇ ਚੱਕਾ ਜਾਮ

ਗੁਰੂ ਹਰ ਸਹਾਏ, 16 ਜੁਲਾਈ (ਕਪਿਲ ਕੰਧਾਰੀ)-ਬੀਤੇ ਦਿਨ ਕੁਟੀ ਮੋੜ 'ਤੇ ਰਹਿੰਦੇ ਇਕ ਨੌਜਵਾਨ ਦੀ ਉਸਦੇ ਹੀ ਦੋਸਤਾਂ ਵਲੋਂ ਉਸ ਨੂੰ ਕਿਸੇ ਚੀਜ਼ ਵਿਚ ਜ਼ਹਿਰੀਲੀ ਚੀਜ਼ ਮਿਲਾ ਕੇ ਖਵਾ ਕੇ ਦਿੱਤੀ ਸੀ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਵਲੋਂ ਆਪਣੇ ਪੁੱਤਰ ਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਨੌਜਵਾਨ ਨੇ ਆਪਣਾ ਦਮ ਤੋੜ ਦਿੱਤਾ।
ਇਸ ਤੋਂ ਬਾਅਦ ਗੁਰੂ ਹਰ ਸਹਾਏ ਪੁਲਿਸ ਵਲੋਂ ਉਕਤ ਦੋਵੇਂ ਮੁਲਜ਼ਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਪੁਲਿਸ ਵਲੋਂ ਦੋਸ਼ੀਆਂ ਨੂੰ ਫੜਿਆ ਨਹੀਂ ਜਾ ਰਿਹਾ, ਜਿਸ ਦੇ ਰੋਸ ਵਜੋਂ ਅੱਜ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਥਾਣਾ ਗੁਰੂ ਹਰ ਸਹਾਏ ਦੇ ਬਾਹਰ ਲਾਈਟਾਂ ਵਾਲੇ ਚੌਕ ਵਿਚ ਸੜਕ ਉਤੇ ਲਾਸ਼ ਨੂੰ ਰੱਖ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਫਰੀਦਕੋਟ ਰੋਡ ਪੂਰੀ ਤਰ੍ਹਾਂ ਨਾਲ ਜਾਮ ਹੋਣ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸਕੂਲ ਵਿਚ ਹੋਈ ਛੁੱਟੀ ਕਰਕੇ ਬੱਚਿਆਂ ਦੀਆਂ ਸਕੂਲ ਵੈਨਾਂ ਵੀ ਜਾਮ ਵਿਚ ਫਸ ਗਈਆਂ ਹਨ ਅਤੇ ਲੋਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆ ਰਹੇ ਹਨ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਪ੍ਰਸ਼ਾਸਨ ਵਲੋਂ ਦੋਸ਼ੀਆਂ ਨੂੰ ਨਹੀਂ ਫੜਿਆ ਜਾਂਦਾ, ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਦੋਸ਼ੀਆਂ ਦੇ ਫੜਨ ਤੋਂ ਬਾਅਦ ਹੀ ਉਹ ਆਪਣੇ ਪੁੱਤਰ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨਗੇ