ਸੂਏ 'ਚ ਪਾੜ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਬਣਿਆ ਡਰ, ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ

ਮਹਿਲ ਕਲਾਂ (ਬਰਨਾਲਾ), 15 ਜੁਲਾਈ (ਅਵਤਾਰ ਸਿੰਘ ਅਣਖੀ) - ਕਲਿਆਣ ਪੁਲ ਤੋਂ ਨਿਕਲਦੇ ਕੁਰੜ ਰਜਬਾਹੇ 'ਚ 50 ਫੁੱਟ ਚੌੜਾ ਪਾੜ ਪੈ ਜਾਣ ਕਾਰਨ ਪਿੰਡ ਵਜੀਦਕੇ ਖ਼ੁਰਦ ਦੇ ਕਿਸਾਨਾਂ ਦੀ 100 ਦੇ ਕਰੀਬ ਝੋਨੇ ਦੀ ਫ਼ਸਲ ਇਕਦਮ ਜ਼ਿਆਦਾ ਪਾਣੀ ਆਉਣ ਨਾਲ ਪ੍ਰਭਾਵਿਤ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਮੌਕੇ ਇਕੱਠ ਹੋਏ ਕਿਸਾਨਾਂ ਨੇ ਰਾਜ ਸਰਕਾਰ ਅਤੇ ਸੰਬੰਧਤ ਮਹਿਕਮੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪ੍ਰਭਾਵਿਤ ਫ਼ਸਲਾਂ ਦਾ ਮੁਆਵਜ਼ਾ ਦੇਣ ਅਤੇ ਰਜਬਾਹੇ ਨੂੰ ਨਵੇਂ ਸਿਰੇ ਤੋਂ ਪੱਕਾ ਬਣਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਵਜੀਦਕੇ ਖ਼ੁਰਦ ਨਾਲ ਸਬੰਧਿਤ ਕਿਸਾਨ ਜਗਸੀਰ ਸਿੰਘ, ਸੁਖਦੇਵ ਸਿੰਘ ਠੱਕਰਵਾਲੀਏ, ਪ੍ਰਗਟ ਸਿੰਘ , ਅਵਤਾਰ ਸਿੰਘ, ਅਜਾਇਬ ਸਿੰਘ, ਸਰਬਜੀਤ ਸਿੰਘ, ਮੰਦਰ ਸਿੰਘ, ਕਰਨੈਲ ਸਿੰਘ, ਰਣਜੀਤ ਸਿੰਘ, ਹਰਦੀਪ ਸਿੰਘ, ਊਧਮ ਸਿੰਘ, ਗੁਰਮੁਖ ਸਿੰਘ, ਨਰਿੰਦਰ ਸਿੰਘ, ਗੁਰਜੰਟ ਸਿੰਘ ਅਤੇ ਹੋਰ ਕਈ ਕਿਸਾਨਾਂ ਦੀ ਫ਼ਸਲ ਰਜਵਾਹੇ ਦੇ ਤੇਜ਼ ਵਹਾਅ ਵਾਲੇ ਪਾਣੀ ਵਿਚ ਡੁੱਬ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਬਠਿੰਡਾ ਬ੍ਰਾਂਚ ਤੋਂ ਨਿਕਲਦਾ ਇਹ ਕਲਿਆਣ ਰਜਬਾਹਾ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ 'ਚ ਹੋਣ ਕਰਕੇ ਹਰ ਸਾਲ ਇਸ ਵਿਚ ਪਾੜ ਪੈ ਜਾਂਦੇ ਹਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈਦਾ ਹੈ। ਪਤਾ ਲੱਗਦਿਆ ਹੀ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਰਿਪੋਰਟ ਤਿਆਰ ਕਰਕੇ ਐਸ.ਡੀ.ਐਮ. ਮਹਿਲ ਕਲਾਂ ਨੂੰ ਭੇਜੀ ਗਈ ਹੈ। ਇਸ ਮੌਕੇ ਪਹੁੰਚੇ ਐਸਡੀਓ ਨਹਿਰੀ ਵਿਭਾਗ ਨੇ ਦੱਸਿਆ ਕਿ ਕੁਰੜ ਮਾਈਨਰ 'ਚ ਪਾੜ ਵਾਲੀ ਥਾਂ ਨੂੰ ਮਿੱਟੀ ਨਾਲ ਪੂਰਨ ਦਾ ਕੰਮ ਤੇਜ਼ੀ ਨਾਲ ਸ਼ੁਰੂ ਕਰਵਾ ਦਿਤਾ ਹੈ, ਜਿਸ ਨੂੰ ਛੇਤੀ ਪੂਰਾ ਕਰ ਲਿਆ ਜਾਵੇਗਾ। ਇਸ ਰਜਬਾਹੇ ਦੀ ਮੁੜ ਤਾਮੀਰ ਲਈ ਪ੍ਰੋਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ।