ਅਮਰੀਕਾ ਗਏ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ


ਕੋਟ ਈਸੇ ਖਾਂ (ਮੋਗਾ), 13 ਜੁਲਾਈ (ਗੁਰਮੀਤ ਸਿੰਘ ਖ਼ਾਲਸਾ) - ਕਰੀਬ 8 ਕੁ ਸਾਲ ਪਹਿਲਾਂ ਚੰਗੀ ਰੋਜ਼ੀ ਰੋਟੀ ਕਮਾਉਣ ਲਈ ਅਮਰੀਕਾ ਵਿਚ ਗਏ ਨੌਜਵਾਨ ਗੁਰਜੰਟ ਸਿੰਘ ਦੀ ਇਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਨੇੜਲੇ ਪਿੰਡ ਘਲੋਟੀ ਖੁਰਦ ਤੋਂ ਵਿਰਸਾ ਸਿੰਘ ਦਾ ਬੇਟਾ ਅਤੇ ਕਾਂਗਰਸੀ ਆਗੂ ਗੁਰਮੁਖ ਸਿੰਘ ਦਾ ਛੋਟਾ ਭਰਾ ਸੀ। ਕਾਂਗਰਸ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਅਤੇ ਉਨ੍ਹਾਂ ਦੇ ਅਮਰੀਕਾ ਰਹਿੰਦੇ ਭਰਾ ਇਕਬਾਲ ਸਿੰਘ ਸਮਰਾ ਦਾ ਬੇਹਦ ਕਰੀਬੀ ਸੀ। ਗੁਰਜੰਟ ਸਿੰਘ ਕੈਲੀਫੋਰਨੀਆ ਦੇ ਐਲੇ ਦੇ ਨਜ਼ਦੀਕ ਇਕ ਇਲਾਕੇ ਵਿਚ ਆਪਣੀ ਰਿਹਾਇਸ਼ ਤੋਂ ਸ਼ਾਮ ਸਮੇਂ ਕਾਰ 'ਤੇ ਸਵਾਰ ਹੋ ਕੇ ਸਟੋਰ ਵੱਲ ਨੂੰ ਜਾ ਰਿਹਾ ਸੀ ਕਿ ਸੜਕ 'ਤੇ ਕਾਰ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰ ਗਿਆ। ਪਰਿਵਾਰ ਅਨੁਸਾਰ ਗੁਰਜੰਟ ਸਿੰਘ ਉਥੇ ਵਧੀਆ ਕੰਮ ਕਾਰ ਕਰ ਰਿਹਾ ਸੀ ਤੇ ਉਸ ਨੇ ਜਲਦ ਹੀ ਵਿਆਹ ਕਰਵਾ ਕੇ ਅਗਲੀਆਂ ਜ਼ਿੰਮੇਵਾਰੀਆਂ ਸ਼ੁਰੂ ਕਰਨੀਆਂ ਸਨ ਕਿ ਇਹ ਅਣਹੋਣੀ ਵਾਪਰਨ ਨਾਲ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਗੁਰਜੰਟ ਸਿੰਘ ਦੀ ਮ੍ਰਿਤਕ ਦੇਹ ਅਮਰੀਕਾ ਤੋਂ ਭਾਰਤ ਪੁੱਜਣ ਉਪਰੰਤ ਅੰਤਿਮ ਰਸਮਾਂ ਕੀਤੀਆਂ ਜਾਣਗੀਆਂ।