ਭਤੀਜੇ ਵਲੋਂ ਚਾਚੇ ’ਤੇ ਫ਼ਾਇਰਿੰਗ

ਹੁਸ਼ਿਆਰਪੁਰ, 29 ਮਈ (ਬਲਜਿੰਦਰ ਪਾਲ ਸਿੰਘ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੋਹਣ ਵਿਖੇ ਭਤੀਜੇ ਵਲੋਂ ਆਪਣੇ ਚਾਚੇ ’ਤੇ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਜਾਣ ਦੀ ਖ਼ਬਰ ਸਾਹਮਣੇ ਆਈ ਹੈ । ਜਾਣਕਾਰੀ ਅਨੁਸਾਰ ਸੁਖਵੰਤ ਸਿੰਘ ਜਦੋਂ ਖੇਤਾਂ ’ਚੋਂ ਵਾਪਸ ਆ ਰਿਹਾ ਸੀ ਤੇ ਉਸ ਦੇ ਭਤੀਜੇ ਵਲੋਂ ਪੰਜ ਗੋਲੀਆਂ ਚਲਾਈਆਂ ਗਈਆਂ, ਜਿਸ ਦੇ ਵਿਚੋਂ ਇਕ ਗੋਲੀ ਉਸ ਦੀ ਕਾਰ ਦੇ ਵਿਚ ਜਾ ਲੱਗੀ ਅਤੇ ਗਨੀਮਤ ਰਹੀ ਕਿ ਕੋਈ ਵੀ ਗੋਲੀ ਉਸ ਦੇ ਨਹੀਂ ਲੱਗੀ। ਸੁਖਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮੇਰਾ ਹੀ ਭਤੀਜਾ ਹੈ ਅਤੇ ਪਹਿਲਾਂ ਵੀ ਮੇਰੀ ਬੇਟੀ ਨੂੰ ਰਿਵਾਲਵਰ ਲੈ ਕੇ ਡਰਾਉਂਦਾ ਰਹਿੰਦਾ ਹੈ ਅਤੇ ਹੁਣ ਵੀ ਇਸ ਨੇ ਜਦੋਂ ਮੈਂ ਖੇਤਾਂ ਤੋਂ ਆ ਰਿਹਾ ਸੀ ਤਾਂ ਆਪਣੇ ਘਰ ਵੱਲ ਨੂੰ ਮੁੜਦੇ ਸਾਰ ਮੇਰੇ ’ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਮੈਂ ਆਪਣੀ ਗੱਡੀ ਵਿਚੋਂ ਬਾਹਰ ਨਿਕਲ ਕੇ ਦੌੜ ਕੇ ਆਪਣੀ ਜਾਨ ਬਚਾਈ।