ਬਠਿੰਡਾ ਜੇਲ੍ਹ ’ਚ ਬੰਦ ਪ੍ਰਧਾਨ ਮੰਤਰੀ ਬਾਜੇਕੇ ਨੇ ਜਾਨ ਨੂੰ ਦੱਸਿਆ ਖਤਰਾ

ਬਠਿੰਡਾ, 24 ਮਈ (ਸੱਤਪਾਲ ਸਿੰਘ ਸਿਵੀਆਂ)- ਕੇਂਦਰੀ ਜੇਲ੍ਹ ਬਠਿੰਡਾ ’ਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਤੇ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ, ਜਿਸ ਸੰਬੰਧੀ ਉਨ੍ਹਾਂ ਦੀ ਜੇਲ੍ਹ ਅੰਦਰੋਂ ਫੋਨ ’ਤੇ ਆਪਣੀ ਮਾਤਾ ਨਾਲ ਕੀਤੀ ਗਈ ਗੱਲਬਾਤ ਜਨਤਕ ਹੋਈ ਹੈ। ਜਨਤਕ ਆਡੀਓ ’ਚ ਬਾਜੇਕੇ ਆਪਣੀ ਮਾਂ ਨੂੰ ਕਹਿ ਰਿਹਾ ਹੈ ਕਿ ਨਸ਼ੇ ਦੇ ਕਥਿਤ ਦੋਸ਼ਾਂ ਵਿਚ ਘਿਰੇ ਰਹੇ ਇਕ ਸਾਬਕਾ ਅਕਾਲੀ ਮੰਤਰੀ ਬਾਰੇ ਬੋਲਣ ’ਤੇ ਉਸ ਦੀ ਬੈਰਕ ਵਿਚ ਸ਼ਾਮਿਲ ਕੁਝ ਨਸ਼ੇ ਦੇ ਧੰਦੇ ਨਾਲ ਜੁੜੇ ਬੰਦੀ ਉਸ ਨੂੰ ਧਮਕਾ ਰਹੇ ਹਨ ਤੇ ਉਸ ਦਾ ਕਦੋਂ ਵੀ ਕੋਈ ਨੁਕਸਾਨ ਕਰ ਸਕਦੇ ਹਨ। ਉਸ ਨੇ ਆਪਣੀ ਜੇਲ੍ਹ ਬਦਲੀ ਕਰਨ ਦੀ ਮੰਗ ਕਰਦਿਆਂ ਬਠਿੰਡਾ ਜੇਲ੍ਹਾਂ ਪ੍ਰਬੰਧਕਾਂ ਉਪਰ ਕਈ ਇਲਜ਼ਾਮ ਲਗਾਏ ਹਨ ਤੇ ਪੰਥ ਤੋਂ ਮੰਗ ਕੀਤੀ ਕਿ ਪਹਿਲਾਂ ਵਾਂਗ ਉਨ੍ਹਾਂ ਦਾ ਸਾਥ ਦਿੱਤਾ ਜਾਵੇ ਤੇ ਮਗਰੋਂ ਸੱਪ ਲੰਘਣ ਬਾਅਦ ਲੀਹ ਕੁੱਟਣ ਦਾ ਕੋਈ ਫਾਇਦਾ ਨਹੀਂ। ਇਸ ਸੰਬੰਧੀ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।