ਨਗਰ ਕੌਂਸਲ ਸੰਗਰੂਰ ਦੀ ਹੋਈ ਪਹਿਲੀ ਬੈਠਕ 'ਚ ਸੱਤ ਮਤਿਆਂ 'ਤੇ ਬਣੀ ਸਹਿਮਤੀ

ਸੰਗਰੂਰ, 22 ਮਈ (ਧੀਰਜ ਪਸ਼ੋਰੀਆ)-ਪੰਜ ਸਾਲਾਂ ਬਾਅਦ ਚੁਣੀ ਗਈ ਨਵੀਂ ਨਗਰ ਕੌਂਸਲ ਦੀ ਹੋਈ ਪਹਿਲੀ ਬੈਠਕ ਵਿਚ 9 ਮਤੇ ਪੇਸ਼ ਕੀਤੇ ਗਏ ਜਿਨ੍ਹਾਂ ਵਿਚੋਂ 7 ਉਤੇ ਸਾਰੇ ਨਗਰ ਕੌਂਸਲਰਾਂ ਦੀ ਸਹਿਮਤੀ ਬਣ ਗਈ ਜਦਕਿ ਇਕ ਮਤੇ ਨੂੰ ਰੱਦ ਕਰ ਦਿੱਤਾ ਗਿਆ ਅਤੇ ਇਕ ਨੂੰ ਵਿਚਾਰ ਅਧੀਨ ਰੱਖ ਲਿਆ ਗਿਆ ਹੈ। ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਨੂੰ ਫੜਨ ਲਈ ਟੈਂਡਰ ਲਗਾਉਣਾ, ਆਵਾਰਾ ਕੁੱਤਿਆਂ ਦੀ ਨਸਬੰਦੀ, ਜੇ.ਸੀ.ਬੀ. ਮਸ਼ੀਨ ਅਤੇ ਹੋਰ ਮਸ਼ੀਨਰੀ ਦੀ ਮੁਰੰਮਤ, ਸ਼ਿਵਨ ਕਾਲੋਨੀ ਅਤੇ ਆਫੀਸਰ ਕਾਲੋਨੀ ਦੀਆਂ ਸਟਰੀਟ ਲਾਈਟਾਂ ਦੇ ਬਿਜਲੀ ਮੀਟਰ ਲਗਵਾਉਣਾ, ਹਰੀਪੁਰਾ ਕਾਲੋਨੀ ਵਿਚ ਲੱਗਣ ਵਾਲੇ ਟਿਊਬਵੈੱਲ ਦੀ ਜਗਾ ਬਦਲਣਾ, ਡਾ. ਅੰਬੇਡਕਰ ਨਗਰ ਵਿਚ ਡਾ. ਅੰਬੇਡਕਰ ਚੌਕ ਦੀ ਅਪਗਰੇਡੇਸ਼ਨ, ਵਾਟਰ ਸਪਲਾਈ ਅਤੇ ਸੀਵਰੇਜ ਪ੍ਰਬੰਧਾਂ ਨੂੰ ਮੁੜ ਨਗਰ ਕੌਂਸਲ ਕੋਲ ਵਾਪਿਸ ਲੈਣ ਸਮੇਤ ਕੁੱਲ 7 ਮਤਿਆਂ ਉਤੇ ਸਾਰੇ ਹਾਊਸ ਦੀ ਸਹਿਮਤੀ ਬਣੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਹਰ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵਚਨਬੱਧ ਹੈ।