ਜ਼ੀਰਕਪੁਰ 'ਚ ਪੁਲਿਸ ਵਲੋਂ ਕਤਲ ਮਾਮਲੇ 'ਚ ਨਾਮਜ਼ਦ ਦੋ ਨੌਜਵਾਨਾਂ ਦਾ ਐਨਕਾਊਂਟਰ

ਜ਼ੀਰਕਪੁਰ, 19 ਮਈ ( ਹੈਪੀ ਪੰਡਵਾਲਾ) - ਲੰਘੀ 10 ਮਈ ਨੂੰ ਜਲੰਧਰ 'ਚ ਹੋਏ ਇਕ ਨੌਜਵਾਨ ਦੇ ਕਤਲ ਮਾਮਲੇ 'ਚ ਪੁਲਿਸ ਵਲੋਂ ਇੱਥੇ ਪੀਰਮੁਛੱਲਾ ਵਿਖੇ 2 ਨੌਜਵਾਨਾਂ ਦਾ ਐਨਕਾਊਂਟਰ ਕੀਤਾ ਗਿਆ। ਦੇਰ ਰਾਤ ਦੋਵਾਂ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਕਾਰਵਾਈ ਸੀ.ਆਈ.ਏ. ਸਟਾਫ਼ ਜਲੰਧਰ, ਕ੍ਰਾਈਮ ਬਰਾਂਚ ਤੇ ਢਕੌਲੀ ਪੁਲਿਸ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ। ਮਾਮਲੇ ਬਾਬਤ ਐਸ.ਪੀ. (ਡੀ) ਮੁਹਾਲੀ ਸੌਰਵ ਜਿੰਦਲ ਨੇ ਦੱਸਿਆ ਕਿ ਦੋਵੇਂ ਨੌਜਵਾਨ ਜਲੰਧਰ ਕਤਲ ਕੇਸ 'ਚ ਲੋੜੀਂਦੇ ਸੀ। ਸੀ.ਆਈ.ਏ. ਜਲੰਧਰ ਦੇ ਇੰਚਾਰਜ ਸੁਰਿੰਦਰ ਅਤੇ ਥਾਣਾ ਮੁਖੀ ਢਕੌਲੀ ਇੰਸਪੈਕਟਰ ਸਿਮਰਪ੍ਰੀਤ ਸਿੰਘ ਆਧਾਰਿਤ ਟੀਮ ਨੇ ਦੇਰ ਰਾਤ ਪੀਰਮੁਛੱਲਾ ਦੀ ਮੈਟਰੋ ਟਾਊਨ ਸੁਸਾਇਟੀ ਨੇੜੇ ਮੁਲਜ਼ਮਾਂ ਦੀ ਪੈੜ ਨੱਪਦਿਆਂ ਸਾਂਝੀ ਕਾਰਵਾਈ ਕੀਤੀ। ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਗੋਲੀਬਾਰੀ ਵੀ ਹੋਈ। ਉਨ੍ਹਾਂ ਦੱਸਿਆ ਕਿ ਜਵਾਬੀ ਕਾਰਵਾਈ 'ਚ ਮਾਮਲੇ 'ਚ ਨਾਮਜ਼ਦ ਦੋਵੇਂ ਦੋਸ਼ੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰ ਚੈਕਅੱਪ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਗੌਰਵ ਤੇ ਆਕਾਸ਼ ਵਾਸੀ ਜਲੰਧਰ ਵਜੋਂ ਹੋਈ ਹੈ ਅਤੇ ਇਨ੍ਹਾਂ 'ਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਪੁਲਿਸ ਅਧਿਕਾਰੀਆਂ ਮੁਤਾਬਿਕ ਮੌਕੇ ਤੋਂ ਹਥਿਆਰ ਵੀ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਕਿਹੜੇ ਗੈਂਗ ਨਾਲ ਸੰਬੰਧਿਤ ਹਨ। ਫ਼ਿਲਹਾਲ ਪੁਲਿਸ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ।