JALANDHAR WEATHER

19-05-2025

 ਅਤਿ ਨਿੰਦਣਯੋਗ ਘਟਨਾ

ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿਚ ਹੋਇਆ ਅੱਤਵਾਦੀ ਹਮਲਾ ਅਤਿ ਨਿੰਦਣਯੋਗ ਹੈ। ਜਿਥੇ ਇਸ ਘਟਨਾ ਦੀ ਸਾਰੀ ਦੁਨੀਆ ਦੇ ਸ਼ਾਂਤੀਪ੍ਰਸਤ ਲੋਕਾਂ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਦੁਖ ਪ੍ਰਗਟਾਇਆ ਜਾ ਰਿਹਾ ਹੈ। ਇਹ ਘਟਨਾ ਕੋਈ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਹਜ਼ਾਰਾਂ ਬੇਕਸੂਰ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਬੈਠੇ ਹਨ। ਇਹੋ ਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਲ ਜਿਥੇ ਸਾਡੀ ਸੁਰੱਖਿਆ ਵਿਚ ਕਮੀ ਨਜ਼ਰ ਆਉਂਦੀ ਹੈ ਉਥੇ ਨਾਲ ਹੀ ਫਿਰਕਾਪ੍ਰਸਤ ਲੋਕ ਕਾਨੂੰਨ ਦੀਆਂ ਸਰਾਸਰ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਉਂਦੇ ਹਨ। ਇਸ ਹਮਲੇ ਦੀ ਸਰਕਾਰ ਨੂੰ ਉੱਚ ਜਾਂਚ ਕਮੇਟੀਆਂ ਬਣਾ ਕੇ ਜਲਦ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਨਾ ਬਖਸ਼ਣ ਯੋਗ ਸਜ਼ਾ ਦਿੱਤੀ ਜਾ ਸਕੇ ਤਾਂ ਕਿ ਅੱਗੇ ਤੋਂ ਅਜਿਹੀ ਅਣਮਨੁੱਖੀ ਕਾਰਵਾਈ ਕਰਨ ਬਾਰੇ ਕੋਈ ਸੋਚ ਵੀ ਨਾ ਸਕੇ।

-ਕਬੀਰ ਸਿੰਘ (ਅਲੌੜ), ਖੰਨਾ।

ਬਿਜਲੀ ਸੰਕਟ ਦਾ ਹੱਲ

ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਜੇ ਹੁਣ ਗਰਮੀ ਦੇ ਮੌਸਮ ਵਿਚ ਬੇਤਹਾਸ਼ਾ ਬਿਜਲੀ ਦੇ ਕੱਟ ਲੱਗ ਰਹੇ ਹਨ ਤਾਂ ਪੰਜਾਬ ਨੂੰ ਪਾਵਰ ਕੱਟ ਦਾ ਸੂਬਾ ਕਹਿਣ ਵਿਚ ਕੋਈ ਗੁਰੇਜ਼ ਨਹੀਂ। ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ। ਪਰ ਇਸ ਵਿਚ ਬਿਜਲੀ ਵਿਭਾਗ ਦਾ ਕੋਈ ਦੋਸ਼ ਨਹੀਂ ਕਿਉਂਕਿ ਜ਼ਿਆਦਾ ਗਰਮੀ ਕਾਰਨ ਜਿੱਥੇ ਬਿਜਲੀ ਤਿਆਰ ਹੁੰਦੀ ਹੈ ਉਥੇ ਤਕਨੀਕੀ ਖਰਾਬੀ ਆ ਜਾਂਦੀ ਹੈ। ਝੋਨੇ ਦੀ ਬਿਜਾਈ ਕਾਰਨ ਪਾਣੀ ਦੀ ਮੰਗ ਜ਼ਿਆਦਾ ਹੋ ਜਾਂਦੀ ਹੈ। ਜਿਸ ਕਾਰਨ ਪੰਜਾਬ ਵਿਚ ਬਿਜਲੀ ਕੱਟ ਜ਼ਰੂਰਤ ਤੋਂ ਜ਼ਿਆਦਾ ਲੱਗਣੇ ਸ਼ੁਰੂ ਹੋ ਜਾਂਦੇ ਹਨ। ਪਰ ਲੋਕਾਂ ਦਾ ਜਿਊਣਾ ਦੁਸ਼ਵਾਰ ਹੋ ਜਾਂਦਾ ਹੈ। ਛੋਟੇ-ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਹਾਲਤ ਬਿਜਲੀ ਨਾ ਆਉਣ ਕਰਕੇ ਤਰਸਯੋਗ ਬਣ ਜਾਂਦੀ ਹੈ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਕੁਝ ਸਾਵਧਾਨੀਆਂ ਅਪਣਾਉਂਦੇ ਹੋਏ ਬਿਜਲੀ ਦੀ ਦੁਰਵਰਤੋਂ ਨੂੰ ਰੋਕੀਏ। ਸਾਰਿਆਂ ਨੂੰ ਬੇਨਤੀ ਹੈ ਕਿ ਜਦ ਵੀ ਪਾਵਰ ਕੱਟ ਤੋਂ ਬਾਅਦ ਬਿਜਲੀ ਆਉਂਦੀ ਹੈ ਘੱਟੋ ਘੱਟ 15-20 ਮਿੰਟ ਤੋਂ ਬਾਅਦ ਹੀ ਏ.ਸੀ., ਕੂਲਰ, ਸਬਮਰਸੀਬਲ ਮੋਟਰਾਂ, ਰੈਫਰੀਜਰੇਟਰ ਆਦਿ ਵੱਡੇ ਲੋਡ ਪਾਉਣ ਵਾਲੀ ਮਸ਼ੀਨਰੀ ਨੂੰ ਚਲਾਇਆ ਜਾਵੇ। ਜਦ ਬਿਜਲੀ ਆਉਂਦੀ ਹੈ ਤਾਂ ਬਿਜਲੀ ਨੂੰ ਸਥਾਈ ਰੂਪ ਵਿਚ ਚੱਲਣ ਲਈ ਸਮਾਂ ਜ਼ਰੂਰ ਲਗਦਾ ਹੈ। ਸਾਨੂੰ ਸਾਰਾ ਠੀਕਰਾ ਸਰਕਾਰੀ ਤੰਤਰ 'ਤੇ ਹੀ ਨਾ ਭੰਨਦੇ ਹੋਏ ਆਪਣੇ ਆਪ ਨੂੰ ਵੀ ਬਿਜਲੀ ਦੀ ਵਰਤੋਂ ਨੂੰ ਸਿਰਫ਼ ਤੇ ਸਿਰਫ਼ ਲੋੜ ਅਨੁਸਾਰ ਹੀ ਸੀਮਿਤ ਕਰਕੇ ਇਸ ਸੰਕਟ ਤੋਂ ਨਜਿੱਠਣ ਲਈ ਆਪਣੇ-ਆਪਣੇ ਨਿਜੀ ਪੱਧਰ 'ਤੇ ਉਪਯੁਕਤ ਯੋਗਦਾਨ ਪਾਉਣਾ ਚਾਹੀਦਾ ਹੈ। ਬਿਨਾਂ ਸ਼ੱਕ ਸਾਨੂੰ ਇਕਜੁਟ ਹੋ ਕੇ ਇਸ ਬਿਜਲੀ ਸੰਕਟ ਤੋਂ ਨਜਿੱਠਣ ਦੀ ਲੋੜ ਹੈ।

-ਗੌਰਵ ਮੁੰਜਾਲ, ਪੀ.ਸੀ.ਐਸ.।

ਸਿੰਧੂ ਜਲ ਸਮਝੌਤੇ ਦਾ ਪਿਛੋਕੜ

ਸਰਦਾਰ ਕਾਹਨ ਸਿੰਘ ਪੰਨੂੰ ਵਲੋਂ ਦਿੱਤੀ ਜਾਣਕਾਰੀ ਸਿੰਧੂ ਜਲ ਸਮਝੌਤੇ ਦਾ ਰੱਦ ਹੋਣਾ ਪਿਛੋਕੜ, ਕਾਰਨ ਅਤੇ ਅਸਰ ਪੜ੍ਹ ਕੇ ਬੜੀ ਜਾਣਕਾਰੀ ਮਿਲੀ। ਇਸ ਲੇਖ ਨੂੰ ਬੜੇ ਸਰਲ ਤਰੀਕੇ ਨਾਲ ਲਿਖਿਆ ਗਿਆ ਤਾਂ ਜੋ ਹਰ ਪਾਠਕ ਦੀ ਸਮਝ ਵਿਚ ਆ ਸਕੇ। ਇਸ ਤਰ੍ਹਾਂ ਰਵਿੰਦਰ ਸਿੰਘ ਰੱਬੀ ਵਲੋਂ ਜ਼ਿਲ੍ਹਿਆਂ ਵਾਲੇ ਬਾਗ ਦੀ ਅਣਥੱਕ ਕਹਾਣੀ ਕੇਸਰੀ ਚੈਪਟਰ-2 ਜੋ ਮਨ ਨੂੰ ਬਹੁਤ ਵਧੀਆ ਲੱਗਿਆ। ਇਸੇ ਤਰ੍ਹਾਂ ਦਿਲਚਸਪੀਆਂ ਮੈਗਜ਼ੀਨ ਦਾ ਸਾਰਾ ਪੰਨਾ ਕਾਬਿਲੇ ਤਾਰੀਫ਼ ਹੈ। ਜਿਸ ਵਿਚ ਘੁਗਿਆਣਵੀ ਸਾਹਿਬ, ਬਲਵਿੰਦਰ ਬਾਲਮ, ਹਰਮੀਤ ਅਟਵਾਲ ਦੀਆਂ ਲਿਖਤਾਂ ਬਹੁਤ ਪਿਆਰੀਆਂ ਸਨ।

-ਸੁਖਵੰਤ ਸਿੰਘ ਸਿੱਧੂ
ਪਿੰਡ ਅਜਿਤ ਗਿੱਲ (ਜੈਤੋ)

ਵਹਿਸ਼ੀ ਕਾਰਨਾਮਾ

ਪਹਿਲਗਾਮ ਵਿਚ ਵਾਪਰੀ ਮੰਦਭਾਗੀ ਘਟਨਾ ਨੇ ਸਾਰੇ ਭਾਰਤ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਇੱਥੇ ਘੁੰਮਣ ਆਏ ਬੇਕਸੂਰ ਲੋਕਾਂ 'ਤੇ ਗੋਲੀਆਂ ਵਰ੍ਹਾ ਕੇ ਮਾਰ ਦੇਣਾ ਕਿੱਧਰ ਦੀ ਬਹਾਦਰੀ ਹੈ। ਹਰ ਸੰਵੇਦਨਸ਼ੀਲ ਆਦਮੀ ਇਸ ਘਟਨਾ ਦੀ ਨਿਖੇਧੀ ਕਰ ਰਿਹਾ ਹੈ। ਆਖਰ ਕਦੋਂ ਤੱਕ ਬੇਕਸੂਰ ਲੋਕ ਇਹੋ ਜਿਹੇ ਵਹਿਸ਼ੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦੇ ਰਹਿਣਗੇ? ਸੋਚਣ ਵਾਲੀ ਗੱਲ ਹੈ ਕਿ ਇਨ੍ਹਾਂ ਅਧਰਮੀਆਂ ਨੂੰ ਕੌਣ ਸ਼ਹਿ ਦਿੰਦਾ ਹੈ ਅਤੇ ਕੌਣ ਲੋਕ ਹੁੰਦੇ ਹਨ ਜੋ ਇਨ੍ਹਾਂ ਨੂੰ ਦਿਮਾਗੀ ਗੁਲਾਮ ਬਣਾ ਕੇ ਹੱਸਦੀ ਖੇਡਦੀ ਜ਼ਿੰਦਗੀ ਵਿਚ ਹਮੇਸ਼ਾ ਲਈ ਅਜਿਹੇ ਜ਼ਖ਼ਮ ਦੇ ਜਾਣ ਲਈ ਹਥਿਆਰ ਬਣਾ ਕੇ ਭੇਜਦੇ ਹਨ, ਜਿਹੜੇ ਪੂਰੀ ਉਮਰ ਅੱਲੇ ਹੀ ਰਹਿੰਦੇ ਹਨ ਕਦੇ ਵੀ ਭਰਦੇ ਨਹੀਂ। ਦੋਨਾਂ ਮੁਲਕਾਂ ਭਾਰਤ ਤੇ ਪਾਕਿਸਤਾਨ ਅਤੇ ਇੱਧਰ ਸਾਡੇ ਮੁਲਕ ਵਿਚ ਇਸ 'ਤੇ ਜੰਮ ਕੇ ਰਾਜਨੀਤੀ ਖੇਡੀ ਜਾਵੇਗੀ। ਥੋੜ੍ਹੇ ਦਿਨ 'ਚ ਹੀ ਇਸ ਘਟਨਾ ਨੂੰ ਅਸੀਂ ਭੁੱਲ ਜਾਵਾਂਗੇ ਜੋ ਨਹੀਂ ਭੁੱਲਣਗੇ ਉਹ ਉਨ੍ਹਾਂ ਮਰਨ ਵਾਲਿਆਂ ਦੇ ਪਰਿਵਾਰ ਜਿਨ੍ਹਾਂ ਲਈ ਇਹ ਅਭਾਗਾ ਦਿਨ ਚੜ੍ਹਿਆ। ਮੁਲਕ ਦੀਆਂ ਸਰਕਾਰਾਂ ਨੂੰ ਅਰਜ਼ ਹੈ ਕਿ ਆਮ ਲੋਕਾਂ ਨੇ ਹੀ ਤੁਹਾਨੂੰ ਚੁਣਿਆ ਹੈ ਅਤੇ ਤੁਸੀਂ ਦੇਸ਼ ਦੇ ਹਰ ਨਾਗਰਿਕ, ਹਰ ਬਸ਼ਿੰਦੇ ਲਈ ਸ਼ਾਂਤ ਤੇ ਸੁਖਾਵੇਂ ਮਾਹੌਲ ਦਾ ਨਿਰਮਾਣ ਕਰਨ ਲਈ ਵਚਨਬੱਧ ਹੋ। ਦੂਜੇ ਪਾਸੇ ਅਜਿਹੇ ਦਰਿੰਦਿਆਂ ਦਾ ਬਿਨਾਂ ਖ਼ੌਫ਼ ਅਜਿਹਾ ਵਹਿਸ਼ੀ ਕਾਰਨਾਮਾ ਕਰ ਜਾਣਾ ਸਾਡੀ ਦੇਸ਼ ਦੀ ਸੁਰੱਖਿਆ ਪ੍ਰਣਾਲੀ 'ਤੇ ਵੀ ਸਵਾਲ ਖੜ੍ਹੇ ਕਰਦਾ ਹੈ।

-ਲਾਭ ਸਿੰਘ ਸ਼ੇਰਗਿਲ, ਸੰਗਰੂਰ।