ਅੰਮ੍ਰਿਤਸਰ ਹਵਾਈ ਅੱਡੇ 'ਤੇ ਕੱਲ੍ਹ 15 ਨੂੰ ਆਉਣਗੀਆਂ ਕਰੀਬ 10 ਤੋਂ 15 ਉਡਾਣਾ-ਡਾਇਰੈਕਟਰ

ਰਾਜਾਸਾਂਸੀ, 14 ਮਈ (ਹਰਦੀਪ ਸਿੰਘ ਖੀਵਾ) - ਜੰਗਬੰਦੀ ਤੋਂ ਬਾਅਦ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚਾਰ ਉਡਾਣਾਂ ਪਹੁੰਚੀਆਂ ਸਨ, ਜਿਨ੍ਹਾਂ 'ਚ ਇਕ ਅੰਤਰਰਾਸ਼ਟਰੀ ਦੋਹਾ ਕਤਰ ਤੇ ਤਿੰਨ ਘਰੇਲੂ 'ਚ ਇਕ ਕੁੱਲੂ ਤੇ ਦੋ ਦਿੱਲੀ ਤੋਂ ਏਥੇ ਪਹੁੰਚੀਆਂ ਸਨ ਜੋ ਮੁੜ ਦੋਬਾਰਾ ਵਾਪਸ ਪਰਤੀਆਂ। ਇਸ ਦੌਰਾਨ ਹਵਾਈ ਅੱਡੇ ਦੇ ਡਾਇਰੈਕਟਰ ਐਸ. ਕੇ. ਕਪਾਹੀ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ੍ਹ 15 ਮਈ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਕਰੀਬ 10 ਤੋ 15 ਉਡਾਣਾਂ ਪਹੁੰਚਣਗੀਆਂ। ਜੋ ਘਰੇਲੂ ਤੇ ਅੰਤਰਰਾਸ਼ਟਰੀ ਵੀ ਹੋਣਗੀਆਂ। ਉਨ੍ਹਾਂ ਦੱਸਿਆ ਕਿ ਹਵਾਈ ਅੱਡੇ ਦੇ ਅੰਦਰ ਕੇਵਲ ਯਾਤਰੀਆਂ ਨੂੰ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਯਾਤਰੀਆਂ ਨੂੰ ਛੱਡਣ ਤੇ ਲੈਣ ਵਾਸਤੇ ਪਹੁੰਚ ਰਹੇ ਟੈਕਸੀ ਡਰਾਇਵਰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਕਰ ਸਕਦੇ ਹਨ , ਪਰੰਤੂ ਯਾਤਰੀਆਂ ਨੂੰ ਹਵਾਈ ਅੱਡੇ 'ਤੇ ਉਤਾਰ ਕੇ ਉਉਨ੍ਹਾਂ ਨੂੰ ਤੁਰੰਤ ਵਾਪਸ ਬਾਹਰ ਭੇਜ ਦਿੱਤਾ ਜਾਵੇਗਾ।