ਪਾਕਿਸਤਾਨ ਜਾਣ ਨਾ ਦਿੱਤਾ ਗਿਆ ਤਾਂ ਗੁੱਸੇ ਵਿਚ ਆਈਆਂ ਔਰਤਾਂ ਨੇ ਬੈਰੀਅਰ ਸੁੱਟ ਪਾਕਿਸਤਾਨ ਜਾਣ ਦੀ ਕੀਤੀ ਕੋਸ਼ਿਸ਼

ਅਟਾਰੀ, (ਅੰਮ੍ਰਿਤਸਰ), 2 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)- ਭਾਰਤੀ ਔਰਤਾਂ ਜਿਨ੍ਹਾਂ ਦੇ ਪਾਕਿਸਤਾਨ ਵਿਚ ਨਿਕਾਹ ਹੋਏ ਹਨ ਉਹ ਅੰਤਰਰਾਸ਼ਟਰੀ ਅਟਾਰੀ ਸਰਹੱਦ ’ਤੇ ਪਾਕਿਸਤਾਨ ਜਾਣ ਲਈ ਪਹੁੰਚੀਆਂ, ਜਿਨ੍ਹਾਂ ਨੂੰ ਬੀ.ਐਸ.ਐਫ. ਵਲੋਂ ਕਿਹਾ ਗਿਆ ਕਿ 30 ਅਪ੍ਰੈਲ ਤੱਕ ਜਾਣ ਦਾ ਸਮਾਂ ਸੀ ਹੁਣ ਸਮਾਂ ਹੱਦ ਬੰਦ ਕਰ ਦਿੱਤੀ ਗਈ ਹੈ। ਰਾਜਧਾਨੀ ਦਿੱਲੀ ਵਿਚ ਰਹਿਣ ਵਾਲੀਆਂ ਦੋਵਾਂ ਸਕੀਆਂ ਭੈਣਾਂ ਦੇ ਪਾਕਿਸਤਾਨ ਵਿਚ ਇਕ ਘਰ ਸਕਿਆਂ ਭਰਾਵਾਂ ਨਾਲ ਨਿਕਾਹ ਹੋਏ ਹਨ। ਨਬੀਲਾ ਰਾਜ ਨੇ ਕਿਹਾ ਕਿ ਉਸ ਦਾ ਵਿਆਹ 18 ਸਾਲ ਅਤੇ ਸਰਮੀਨ ਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਉਹਨਾਂ ਦੇ ਬੱਚਿਆਂ ਦੇ ਪਾਸਪੋਰਟ ਪਾਕਿਸਤਾਨੀ ਅਤੇ ਦੋਨਾਂ ਭੈਣਾਂ ਦੇ ਪਾਸਪੋਰਟ ਭਾਰਤੀ ਹਨ। ਗੁੱਸੇ ਵਿਚ ਆ ਕੇ ਉਨ੍ਹਾਂ ਨੇ ਬੀ.ਐਸ.ਐਫ. ਦੇ ਬੈਰੀਅਰ ਸੁੱਟ ਦਿੱਤੇ ਅਤੇ ਜਬਰੀ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਨਮਰਾ ਪਤਨੀ ਅਬੂ ਬਕਰ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਰਹਿਣ ਵਾਲੀ ਦਾ ਨਿਕਾਹ ਉੱਤਰ ਪ੍ਰਦੇਸ਼ ਵਿਖੇ ਹੋਇਆ ਸੀ। ਪਰਿਵਾਰਕ ਮੈਂਬਰਾਂ ਨਾਲ ਪਾਕਿਸਤਾਨ ਜਾਣ ਲਈ ਪਹੁੰਚੀ ਹੋਈ ਸੀ। ਰਾਜਸਥਾਨ ਰਾਜ ਦੇ ਜੈਸਲਮੇਰ ਤੋਂ ਵੀ 19 ਔਰਤਾਂ, ਜਿਨ੍ਹਾਂ ਦੇ ਪਾਕਿਸਤਾਨ ਵਿਚ ਨਿਕਾਹ ਹੋਏ ਸਨ ਪਰਿਵਾਰਕ ਮੈਂਬਰ ਲੈ ਕੇ ਪਹੁੰਚੇ, ਜਿਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਗਈ।