JALANDHAR WEATHER

02-05-2025

 ਪੁੱਛੀ ਸ਼ਰਫ਼ ਨਾ ਜਿਨ੍ਹਾਂ ਨੇ ਬਾਤ ਮੇਰੀ

ਪਿਛਲੇ ਦਿਨੀਂ ਪੰਜਾਬ ਦੇ ਨਾਮੀ ਸ਼ਹਿਰ ਲੁਧਿਆਣਾ ਵਿਚ ਪੰਜਾਬ ਸਰਕਾਰ ਵਲੋਂ ਇਕ ਸਮਾਗਮ ਕਰਵਾਇਆ ਗਿਆ ਸੀ। ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੀ ਪੁੱਜੇ। ਇਸ ਸਮਾਗਮ ਦੌਰਾਨ ਪੰਜਾਬੀ ਭਾਸ਼ਾ ਨੂੰ ਅਣਗੌਲਿਆਂ ਕੀਤਾ ਗਿਆ ਜਾਂ ਕਹਿ ਲਉ ਜਾਣ-ਬੁੱਝ ਕੇ ਦਰਕਿਨਾਰ ਕੀਤਾ ਗਿਆ। ਸਮਾਗਮ ਦੌਰਾਨ ਇਕ ਵੀ ਫਲੈਕਸ ਜਾਂ ਬੋਰਡ ਪੰਜਾਬੀ ਭਾਸ਼ਾ 'ਚ ਦੇਖਣ ਨੂੰ ਨਹੀਂ ਮਿਲਿਆ। ਇਸ ਦੇ ਉਲਟ ਹਿੰਦੀ ਭਾਸ਼ਾ ਨੂੰ ਤਰਜੀਹ ਦਿੱਤੀ ਗਈ। ਪੰਜਾਬੀ ਭਾਸ਼ਾ ਪ੍ਰਤੀ ਵਰਤਿਆ ਅਜਿਹਾ ਵਰਤਾਰਾ ਅਸਹਿਣਯੋਗ ਹੈ। ਠੇਠ ਪੰਜਾਬੀ ਭਾਸ਼ਾ 'ਚ ਗੱਲ ਕਰਨ ਵਾਲੇ ਮੁੱਖ ਮੰਤਰੀ ਸਾਹਿਬ ਦੀ ਕੀ ਮਜਬੂਰੀ ਸੀ। ਇਹ ਤਾਂ ਉਹੀ ਦੱਸ ਸਕਦੇ ਹਨ। ਪੰਜਾਬੀ ਨੂੰ ਬਣਦਾ ਮਾਣ-ਸਨਮਾਨ ਮਿਲਣਾ ਚਾਹੀਦਾ ਸੀ। ਉਪਰੋਕਤ ਵਰਤਾਰਾ ਵੇਖ ਕੇ ਮਹਾਨ ਕਵੀ ਫਿਰੋਜ਼ਦੀਨ ਸ਼ਰਫ਼ ਦੀਆਂ ਇਹ ਲਾਈਨਾਂ ਯਾਦ ਆ ਗਈਆਂ 'ਪੁੱਛੀ ਸ਼ਰਫ਼ ਨਾ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।'
*
ਦੁਨੀਆ ਭਰ ਦੇ ਦੇਸ਼ਾਂ ਵਲੋਂ ਸਮੇਂ-ਸਮੇਂ 'ਤੇ ਵਿਗਿਆਨਕ ਖੋਜਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਗਿਆਨਕ ਖੋਜਾਂ ਜ਼ਰੀਏ ਦੁਨੀਆ ਭਰ 'ਚ ਜਿੱਥੇ ਇਨਕਲਾਬੀ ਤਬਦੀਲੀਆਂ ਆਈਆਂ ਉੱਥੇ ਲੋਕਾਂ ਦਾ ਰਹਿਣ-ਸਹਿਣ ਵੀ ਬਦਲਦਾ ਜਾ ਰਿਹਾ ਹੈ। ਭਾਰਤ ਨੇ ਵੀ ਪੁਲਾੜ ਖੋਜਾਂ ਵਿਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਚੰਦਰਮਾ ਅਤੇ ਮੰਗਲ ਗ੍ਰਹਿ ਤੱਕ ਉਡਾਰੀਆਂ ਭਰੀਆਂ ਹਨ। ਗੁੱਝੇ ਰਹੱਸਾਂ ਨੂੰ ਜਾਣਿਆ ਹੈ। ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਸੁਨੀਤਾ ਵਿਲੀਅਮ ਨੇ ਵੀ ਇਸ ਖੇਤਰ ਵਿਚ ਵੱਡਾ ਨਾਮਣਾ ਖੱਟਿਆ ਹੈ। ਅੱਜ ਦੁਨੀਆ ਭਰ ਦੇ ਨਾਲ-ਨਾਲ ਭਾਰਤ ਵਿਚ ਵਿਗਿਆਨਕ ਇਨਕਲਾਬ ਆਇਆ ਹੈ, ਪਰ ਦੂਜੇ ਪਾਸੇ ਵਹਿਮਾਂ-ਭਰਮਾਂ ਦੀਆਂ ਦੁਕਾਨਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਅਜਿਹਾ ਨਾਂਹ ਪੱਖੀ ਵਰਤਾਰਾ ਵਿਗਿਆਨਕ ਯੁੱਗ ਦੇ ਮੱਥੇ 'ਤੇ ਇਕ ਕਲੰਕ ਹੈ। ਆਉ, ਵਹਿਮਾਂ-ਭਰਮਾਂ ਨੂੰ ਤਿਲਾਂਜਲੀ ਦਿੰਦੇ ਹੋਏ ਵਿਗਿਆਨਕ ਯੁੱਗ ਦੇ ਹਾਣੀ ਬਣੀਏ।

-ਬੰਤ ਸਿੰਘ ਘੁਡਾਣੀ
ਲੁਧਿਆਣਾ।

ਮਨ ਦਾ ਸਫ਼ਰ

ਰੋਜ਼ਾਨਾ ਜ਼ਿੰਦਗੀ ਵਿਚ 'ਮਨ' ਸ਼ਬਦ ਆਮ ਵਰਤਿਆ ਜਾਂਦਾ ਹੈ। ਆਮ ਵਰਤਿਆ ਜਾਂਦਾ ਸ਼ਬਦ 'ਮਨ' ਅਸਲ ਵਿਚ ਇਕ ਗੁੰਝਲਦਾਰ ਔਖੀ ਪਹੇਲੀ ਹੈ। ਮਨ ਨੂੰ ਸਮਝਣ ਦਾ ਯਤਨ ਲਿਖਤੀ ਰੂਪ ਵਿਚ ਉਦੋਂ ਤੋਂ ਹੀ ਜਾਰੀ ਹੈ ਜਦੋਂ ਤੋਂ ਵੇਦ, ਸ਼ਾਸਤਰਾਂ ਤੇ ਗੀਤਾ ਆਦਿ ਗ੍ਰੰਥਾਂ ਦੀ ਰਚਨਾ ਹੋਈ। ਆਰੰਭ ਵਿਚ ਆਤਮਾ ਨੂੰ ਹੀ ਮਨ ਕਿਹਾ ਜਾਂਦਾ ਸੀ ਅਤੇ ਇਸ ਨੂੰ ਸਾਹ, ਹਵਾ ਤੇ ਸਰੀਰਕ ਤਾਪ ਵਾਂਗ ਇਕ ਪਦਾਰਥ ਸਮਝਿਆ ਜਾਂਦਾ ਸੀ।
ਕੁਝ ਵਿਦਵਾਨਾਂ ਦਾ ਵਿਚਾਰ ਸੀ ਕਿ ਜਿਹੜੀ ਤਾਕਤ ਸਾਡੇ ਵਿਚਾਰਾਂ ਤੇ ਬੋਲੀ ਨੂੰ ਕੰਟਰੋਲ ਕਰਦੀ ਹੈ ਉਹ ਤਾਕਤ ਹੀ ਮਨ ਹੈ। ਕੁਝ ਪੱਛਮੀ ਦੇਸ਼ਾਂ ਦੇ ਚਿੰਤਕਾਂ ਦਾ ਵਿਚਾਰ ਸੀ ਕਿ ਮਨ ਇਕ ਪਦਾਰਥ ਨਹੀਂ ਬਲਕਿ ਇਕ ਸਰੀਰਕ ਕਿਰਿਆ ਹੈ। ਜੀਵਨ ਵਿਚ ਵਿਚਰਦਿਆਂ ਹੋਇਆਂ ਅਸੀਂ ਲਗਭਗ ਹਰੇਕ ਸਮੇਂ ਕੋਈ ਨਾ ਕੋਈ ਵਿਹਾਰ ਕਰਦੇ ਰਹਿੰਦੇ ਹਾਂ ਤੇ ਇਹ ਵਿਹਾਰ ਕਰਦੇ ਹੋਏ ਸਾਡੇ ਅੰਦਰ ਕੁਝ ਨਾ ਕੁਝ ਨਵੇਂ ਤਜਰਬੇ ਜੁੜਦੇ ਰਹਿੰਦੇ ਹਨ। ਸਾਡੇ ਵਿਹਾਰ ਤੇ ਤਜਰਬੇ ਨਾਲ ਸਾਡੀਆਂ ਮਾਨਸਿਕ ਕਿਰਿਆਵਾਂ ਜਿਵੇਂ ਯਾਦ ਕਰਨਾ, ਸਿੱਖਣਾ, ਤਰਕ ਕਰਨਾ ਤੇ ਫ਼ੈਸਲਾ ਲੈਣਾ ਆਦਿ ਜੁੜੀਆਂ ਹੁੰਦੀਆਂ ਹਨ। ਇਸ ਤਰ੍ਹਾਂ ਵਿਹਾਰ, ਤਜਰਬੇ ਤੇ ਮਾਨਸਿਕ ਕਿਰਿਆਵਾਂ ਹੀ ਮਨ ਦਾ ਪ੍ਰਗਟਾਵਾ ਹਨ।

-ਮਨੋਵਿਗਿਆਨ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਤਹਿ. ਗੜ੍ਹਸ਼ੰਕਰ, (ਹੁਸ਼ਿਆਰਪੁਰ)

ਵਧੀਆ ਲੇਖ

ਪਿਛਲੇ ਦਿਨੀਂ ਪ੍ਰੋ. ਕੁਲਵੀਰ ਸਿੰਘ ਦਾ ਲੇਖ 'ਖੁਸ਼ੀ ਦੇ ਮਾਮਲੇ ਵਿਚ ਕਿੱਥੇ ਖੜ੍ਹਾ ਭਾਰਤ' ਪੜ੍ਹਿਆ। ਭਾਰਤ ਨੂੰ 147 ਦੇਸ਼ਾਂ ਵਿਚੋਂ 118ਵਾਂ ਸਥਾਨ ਮਿਲਿਆ ਹੈ ਕਿਉਂਕਿ ਇਹ ਹੈਰਾਨੀ ਦੀ ਗੱਲ ਹੈ ਕਿ ਨੇਪਾਲ, ਪਾਕਿਸਤਾਨ, ਯੂਕਰੇਨ ਵਰਗੇ ਦੇਸ਼ ਭਾਰਤ ਤੋਂ ਅੱਗੇ ਹਨ। ਇਸ ਪ੍ਰਤੀ ਸਵਾਲੀਆ ਚਿੰਨ੍ਹ ਲੱਗਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਸਾਰੇ ਸਰਵੇ ਯੂਰਪੀ ਦੇਸ਼ਾਂ ਦੀਆਂ ਯੁਨੀਵਰਸਿਟੀਆਂ, ਵਰਲਡ ਬੈਂਕ, ਆਈ.ਐੱਮ.ਐੱਫ. ਵਰਗੀਆਂ ਏਜੰਸੀਆਂ ਦੁਆਰਾ ਕਰਾਏ ਜਾਂਦੇ ਹਨ। ਪੱਛਮੀ ਦੇਸ਼ਾਂ ਦੇ ਮਾਪਣ ਦੇ ਪੈਮਾਨੇ ਅਲੱਗ ਹਨ। ਬਾਕੀ ਇਕ ਕਰੋੜ ਦੀ ਆਬਾਦੀ ਵਾਲੇ ਦੇਸ਼ ਦੀ ਤੁਲਨਾ 140 ਕਰੋੜ ਵਾਲੇ ਦੇਸ਼ਾਂ ਨਾਲ ਨਹੀਂ ਕੀਤੀ ਜਾ ਸਕਦੀ। ਹਾਂ ਇਕ ਗੱਲ ਜ਼ਰੂਰ ਹੈ ਕਿ ਲੇਖਕ ਦੇ ਦੱਸਣ ਅਨੁਸਾਰ ਦੂਸਰੇ ਲੋਕਾਂ ਦੀ ਮਦਦ ਕਰਨ ਵਿਚ, ਲੱਭੀ ਚੀਜ਼ ਵਾਪਸ ਕਰਨ ਵਿਚ, ਦਾਨ ਕਰਨ ਵਿਚ, ਦੂਸਰਿਆਂ ਦੀ ਭਲਾਈ ਕਰਨ ਵਿਚ, ਸਾਡੇ ਦੇਸ਼ ਦੇ ਲੋਕ ਬਹੁਤੇ ਪਿੱਛੇ ਹਨ, ਜਦੋਂ ਕਿ ਅਜਿਹੀਆਂ ਚੀਜ਼ਾਂ ਹੀ ਮਨੁੱਖ ਨੂੰ ਅਸਲ ਖ਼ੁਸ਼ੀ ਅਤੇ ਸੰਤੁਸ਼ਟੀ ਦਿੰਦੀਆਂ ਹਨ।

-ਚਰਨਜੀਤ ਸਿੰਘ ਮੁਕਤਸਰ,
ਸ੍ਰੀ ਮੁਕਤਸਰ ਸਾਹਿਬ।

ਇਕ ਡੰਗ ਦੀ ਰੋਟੀ

ਬਾਪ ਦੀ ਸਾਰੀ ਉਮਰ ਦੌਰਾਨ ਮਿਹਨਤ-ਮੁਸ਼ੱਕਤ ਨਾਲ ਇਕੱਤਰ ਕੀਤੀ ਕਮਾਈ, ਧੀ ਦੀ ਬਰਾਤ ਦੀ ਇਕ ਡੰਗ ਦੀ ਰੋਟੀ ਮਸਾਂ ਪੂਰੀ ਕਰਦੀ ਹੈ, ਫਿਰ ਵੀ ਬਰਾਤ ਦੇ ਕੁਝ ਬੇ-ਸੁਹਿਰਦ ਲੋਕ ਖਾਣ-ਪੀਣ ਵਾਲੇ ਪਦਾਰਥਾਂ ਦਾ ਬੜੀ ਬੇਦਰਦੀ ਨਾਲ ਦੁਰਉਪਯੋਗ ਕਰਦੇ ਹੋਏ ਪੌਣੀ ਪਲੇਟ ਚੰਗੇ, ਸਵਾਦਿਸ਼ਟ ਦਾ ਕੀਮਤੀ ਭੋਜਨ ਪਦਾਰਥਾਂ ਨੂੰ ਹੱਥਾਂ ਨਾਲ ਪੂੰਝੇ ਨੈਪਕੀਨਾ ਨਾਲ ਢਕ ਕੇ ਡਸਟਬਿਨ ਵਿਚ ਸੁੱਟ ਕੇ ਕਿਸੇ ਆਮ ਪਾਣੀ ਦੀ ਵਰਤੋਂ ਕਰਨ ਦੀ ਬਜਾਏ, ਬੋਤਲਾਂ ਦੇ ਮਹਿੰਗੇ ਪਾਣੀ ਨੂੰ ਥੋੜ੍ਹਾ ਪੀ ਕੇ ਬਾਕੀ ਦੇ ਪਾਣੀ ਨਾਲ ਹੱਥ ਧੋਂਦੇ ਤੇ ਕੁਰਲੀਆਂ ਕਰਦੇ ਹਨ। ਹਰ ਸ਼ਖ਼ਸ ਨੂੰ ਚਿੰਤਨ-ਮੰਥਨ ਕਰਨ ਦੀ ਲੋੜ ਹੈ, ਜੋ ਇਹ ਸ਼ਾਦੀ ਹੀ ਨਹੀਂ ਇਕ ਯੱਗ ਹੋ ਰਿਹਾ ਹੈ, ਸ਼ਾਦੀ ਕਰਨ ਵਾਲਾ ਵੀ ਆਪਣੇ ਹੀ ਵਰਗਾ ਇਕ ਭੱਠੇ ਦਾ, ਮਿੱਲ ਦਾ ਜਾਂ ਕਿਸਾਨ ਮਜ਼ਦੂਰ ਹੈ। ਕਾਸ਼! ਸਾਨੂੰ ਕਿਸੇ ਦੀ ਥਾਂ ਆਪ ਖਲੋ ਕੇ, ਬੇ-ਹਿੱਸ ਵਾ ਬੇਦਰਦ ਮਾਨਸਿਕਤਾ ਦੇ ਧੁੰਦਲੇ-ਸ਼ੀਸ਼ੇ ਵਿਚੋਂ ਆਪਣਾ ਆਪਾ ਵੇਖਣਾ ਆ ਜਾਵੇ।

-ਲਖਵੰਤ ਸਿੰਘ ਵੜੈਚ

ਟ੍ਰੈਫਿਕ ਨਿਯਮਾਂ ਦੀ ਪਾਲਣਾ

ਡਰਾਈਵਿੰਗ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ। ਲੋਕ ਡਰਾਈਵਿੰਗ ਕਰਦੇ ਸਮੇਂ ਬਹੁਤ ਗਲਤੀਆਂ ਕਰਦੇ ਹਨ ਜਿਵੇਂ ਮੋਬਾਈਲ ਦੀ ਵਰਤੋਂ ਕਰਨਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਅਤੇ ਓਵਰਸਪੀਡ ਡਰਾਈਵਿੰਗ ਕਰਨਾ ਆਦਿ ਜਿਸ ਨਾਲ ਸੜਕ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ। ਲੋਕ ਇਹ ਨਹੀਂ ਸੋਚਦੇ ਕਿ ਇਹ ਨਾ ਸਿਰਫ਼ ਉਨ੍ਹਾਂ ਲਈ ਖ਼ਤਰਨਾਕ ਹੈ ਬਲਕਿ ਦੂਜਿਆਂ ਦੀ ਕੀਮਤੀ ਜਾਨ ਲਈ ਵੀ ਖ਼ਤਰਨਾਕ ਹੈ। ਸਾਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਇਹ ਸਾਡੀ ਸੁਰੱਖਿਆ ਲਈ ਹੀ ਬਣੇ ਹੋਏ ਹਨ। ਸਰਕਾਰ ਨੂੰ ਇਨ੍ਹਾਂ ਸਮੱਸਿਆਵਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਅਤੇ ਜੇਕਰ ਕੋਈ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ।

-ਗਗਨਦੀਪ ਸਿੰਘ, ਸਮਰਾਲਾ।