ਚੰਡੀਗੜ੍ਹ ਹਾਊਸ ਮੀਟਿੰਗ ’ਚ ਹੰਗਾਮਾ





ਚੰਡੀਗੜ੍ਹ, 30 ਅਪ੍ਰੈਲ (ਸੰਦੀਪ/ਕਮਲਜੀਤ)- ਅੱਜ ਨਗਰ ਨਿਗਮ ਚੰਡੀਗੜ੍ਹ ਦੇ ਸਦਨ ਦੀ 348ਵੀਂ ਮੀਟਿੰਗ ਹੋਈ। ਇਸ ਵਿਚ ਸਭ ਤੋਂ ਪਹਿਲਾਂ ਪਹਿਲਗਾਮ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਅੱਜ ਦੀ ਮੀਟਿੰਗ ਵਿਚ 7 ਏਜੰਡੇ ਪੇਸ਼ ਕੀਤੇ ਜਾਣੇ ਸਨ ਤੇ ਕਾਂਗਰਸ ਪਾਰਟੀ ਦੇ ਸਾਰੇ ਕੌਂਸਲਰ ਕਾਲੇ ਕਪੜੇ ਤੇ ਸਿਰ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੀਟਿੰਗ ’ਚ ਪੁੱਜੇ ਸਨ। ਮੀਟਿੰਗ ’ਚ ਚੰਡੀਗੜ੍ਹ ਵਿਖੇ ਵਧਾਏ ਜਾ ਰਹੇ ਪ੍ਰਾਪਰਟੀ ਟੈਕਸਾਂ ਦਾ ਵਿਰੋਧ ਕੀਤਾ ਗਿਆ ਤੇ ਆਪ ਅਤੇ ਕਾਂਗਰਸੀ ਕੌਂਸਲਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਭਾਜਪਾ ਕੌਂਸਲਰਾਂ ਨੇ ਵੀ ‘ਆਪ’ ਤੇ ਕਾਂਗਰਸ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਇਸ ਦੌਰਾਨ ਜੰਮ ਕੇ ਪ੍ਰਦਰਸ਼ਨ ਹੋਇਆ। ਹਾਊਸ ਦੀ ਸਾਰੀ ਮੀਟਿੰਗ ਹੰਗਾਮੇ ਦੀ ਭੇਟ ਚੜ੍ਹ ਗਈ। ਇਸ ਮੌਕੇ ਭਾਜਪਾ ਕੌਂਸਲਰਾਂ ਵਲੋਂ ਮਿਠਾਈ ਵੰਡੇ ਜਾਣ ’ਤੇ ਆਪ ਤੇ ਕਾਂਗਰਸੀ ਕੌਂਸਲਰਾਂ ਨੇ ਰੋਸ ਪ੍ਰਗਟ ਕੀਤਾ ਤੇ ਮੀਟਿੰਗ ’ਚੋਂ ਵਾਕ ਆਊਟ ਕਰ ਦਿੱਤਾ।