ਤਹੱਵੁਰ ਰਾਣਾ ਤੋਂ ਅੱਜ ਚੌਥੇ ਦਿਨ ਪੁੱਛਗਿੱਛ ਕਰੇਗੀ ਐਨ.ਆਈ.ਏ.

ਨਵੀਂ ਦਿੱਲੀ, 14 ਅਪ੍ਰੈਲ- ਰਾਸ਼ਟਰੀ ਜਾਂਚ ਏਜੰਸੀ ਅੱਜ ਚੌਥੇ ਦਿਨ 2008 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਤੋਂ ਪੁੱਛਗਿੱਛ ਕਰੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ਨੀਵਾਰ ਨੂੰ ਐਨ.ਆਈ.ਏ. ਦੀ ਪੁੱਛਗਿੱਛ ਦੌਰਾਨ ਇਕ ‘ਕਰਮਚਾਰੀ ਬੀ’ ਦਾ ਨਾਮ ਸਾਹਮਣੇ ਆਇਆ ਸੀ, ਜਿਸ ਨੇ ਰਾਣਾ ਦੇ ਇਸ਼ਾਰੇ ’ਤੇ ਹੈਡਲੀ ਨੂੰ ਸੰਚਾਲਨ ਅਤੇ ਲੌਜਿਸਟਿਕਸ ਵਿਚ ਮਦਦ ਕੀਤੀ ਸੀ। ਹੁਣ ਐਨ.ਆਈ.ਏ. ਰਾਣਾ ਅਤੇ ‘ਕਰਮਚਾਰੀ ਬੀ’ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ। ਏਜੰਸੀ ਦੇ ਅਨੁਸਾਰ ‘ਕਰਮਚਾਰੀ ਬੀ’ ਨੂੰ ਅੱਤਵਾਦੀ ਸਾਜ਼ਿਸ਼ ਬਾਰੇ ਜਾਣਕਾਰੀ ਨਹੀਂ ਸੀ। ਉਹ ਰਾਣਾ ਦੇ ਨਿਰਦੇਸ਼ਾਂ ’ਤੇ ਹੀ ਹੈਡਲੀ ਲਈ ਆਵਾਜਾਈ, ਰਿਹਾਇਸ਼ ਅਤੇ ਦਫ਼ਤਰ ਦਾ ਪ੍ਰਬੰਧ ਕਰਦਾ ਸੀ। ਡੇਵਿਡ ਹੈਡਲੀ ਮੁੰਬਈ ਹਮਲਿਆਂ ਦਾ ਮਾਸਟਰਮਾਈਂਡ ਸੀ। ਇਸ ਦੇ ਨਾਲ ਹੀ, ਰਾਣਾ ਦੀ ਆਵਾਜ਼ ਦੇ ਨਮੂਨੇ ਵੀ ਅੱਜ ਲਏ ਜਾ ਸਕਦੇ ਹਨ। ਐਨ.ਆਈ.ਏ. ਇਹ ਪਤਾ ਲਗਾਏਗੀ ਕਿ ਕੀ ਤਹਵੁਰ ਨਵੰਬਰ 2008 ਦੇ ਹਮਲਿਆਂ ਦੌਰਾਨ ਫ਼ੋਨ ’ਤੇ ਨਿਰਦੇਸ਼ ਦੇ ਰਿਹਾ ਸੀ। ਆਵਾਜ਼ ਦਾ ਨਮੂਨਾ ਲੈਣ ਲਈ ਤਹੱਵੁਰ ਦੀ ਸਹਿਮਤੀ ਦੀ ਲੋੜ ਹੋਵੇਗੀ। ਇਨਕਾਰ ਕਰਨ ਦੀ ਸੂਰਤ ਵਿਚ, ਐਨ.ਆਈ.ਏ. ਅਦਾਲਤ ਜਾ ਸਕਦੀ ਹੈ।