ਅਣਪਛਾਤੇ ਪ੍ਰਵਾਸੀ ਮਜ਼ਦੂਰਾਂ 'ਤੇ ਫਾਇਰਿੰਗ ਕਰਕੇ ਮੋਟਰਸਾਈਕਲ ਖੋਹ ਕੇ ਫਰਾਰ

ਸਮਰਾਲਾ (ਲੁਧਿਆਣਾ), 9 ਅਪ੍ਰੈਲ (ਗੋਪਾਲ ਸੋਫਤ)-ਅੱਜ ਸ਼ਾਮੀਂ ਸਥਾਨਕ ਲੁਧਿਆਣਾ ਰੋਡ ਉਤੇ ਪਿੰਡ ਦਿਆਲਪੁਰਾ ਨਜ਼ਦੀਕ ਮੋਟਰਸਾਈਕਲ ਸਵਾਰ ਤਿੰਨ ਪ੍ਰਵਾਸੀ ਮਜ਼ਦੂਰਾਂ 'ਤੇ 2 ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕਰ ਦਿੱਤੀ ਅਤੇ ਪ੍ਰਵਾਸੀ ਮਜ਼ਦੂਰਾਂ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਸਥਾਨਕ ਐਸ. ਐਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਇਕ ਪੈਟਰੋਲ ਪੰਪ 'ਤੇ ਟਾਈਲਾਂ ਲਾਉਣ ਦੇ ਕੰਮ ਦਾ ਠੇਕੇਦਾਰ ਆਪਣੇ ਦੋ ਮਜ਼ਦੂਰਾਂ ਨੂੰ ਆਪਣੇ ਮੋਟਰਸਾਈਕਲ ਪਿੱਛੇ ਬਿਠਾ ਕੇ ਸਮਰਾਲੇ ਵੱਲ ਛੱਡਣ ਆ ਰਿਹਾ ਸੀ ਤਾਂ ਮੂੰਹ-ਸਿਰ ਬੰਨ੍ਹੇ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਇਨ੍ਹਾਂ ਤਿੰਨਾਂ ਮਜ਼ਦੂਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਵਲੋਂ ਨਾ ਰੁਕਣ 'ਤੇ ਦੋਵੇਂ ਅਣਪਛਾਤੇ ਵਿਅਕਤੀਆਂ ਨੇ ਪ੍ਰਵਾਸੀ ਮਜ਼ਦੂਰਾਂ ਉਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਚਾਲਕ ਦੀ ਵੱਖੀ ਵਿਚ ਗੋਲੀਆਂ ਲੱਗੀਆਂ ਤੇ ਉਹ ਤਿੰਨੇ ਪ੍ਰਵਾਸੀ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਏ। ਗੋਲੀ ਚਲਾਉਣ ਵਾਲੇ ਵਿਅਕਤੀ ਇਨ੍ਹਾਂ ਦਾ ਮੋਟਰਸਾਈਕਲ ਲੈ ਕੇ ਸਮਰਾਲਾ ਤੋਂ ਲੁਧਿਆਣਾ ਸਾਈਡ ਵੱਲ ਫਰਾਰ ਹੋ ਗਏ। ਥਾਣਾ ਮੁਖੀ ਨੇ ਦੱਸਿਆ ਕਿ ਸਥਾਨਕ ਸਿਵਲ ਹਸਪਤਾਲ ਵਿਚ ਲਿਆਂਦੇ ਗਏ ਜ਼ਖਮੀ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਹੈ।