18-04-2025
ਅਵਾਰਾ ਪਸ਼ੂਆਂ ਕਾਰਨ ਹਾਦਸੇ
ਪਿਛਲੇ ਦਿਨੀਂ ਪਿੰਡ ਗੁਰਬਖ਼ਸ਼ਪੁਰਾ (ਗੰਡੇਵਾਲ) ਦੇ ਦੋ ਚਚੇਰੇ ਭਰਾ ਅਤੇ ਇਕ ਦੋਸਤ ਦੀ ਸੜਕ ਉੱਪਰ ਇਕ ਗਾਂ ਨੂੰ ਬਚਾਉਂਦਿਆਂ ਹੋਇਆਂ ਮੌਤ ਹੋ ਗਈ ਹੈ, ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਦੇ ਟੁਕੜੇ ਹੋ ਗਏ, ਕਾਰ ਸਵਾਰ ਪੰਜ ਨੌਜਵਾਨਾਂ ਵਿਚੋਂ ਤਿੰਨ ਦੀ ਮੌਤ ਹੋ ਗਈ ਹੈ। ਅਫ਼ਸੋਸ ਕਿ ਇਹ ਇੰਨੇ ਹਾਦਸੇ ਕਿਉਂ ਵਾਪਰਦੇ ਹਨ, ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਘਰ ਦਾ ਚਿਰਾਗ ਨਾ ਬੁਝੇ, ਜੋ ਲੋਕ ਪਸ਼ੂਆਂ ਦਾ ਦੁੱਧ ਪੀ ਕੇ ਸੜਕ ਉੱਪਰ ਛੱਡ ਦਿੰਦੇ ਹਨ, ਉਨ੍ਹਾਂ 'ਤੇ ਵੀ ਕੋਈ ਕਾਨੂੰਨ ਬਣਾਇਆ ਜਾਵੇ।
-ਜਸਵਿੰਦਰ ਸਿੰਘ ਪੰਧੇਰ ਖੇੜੀ, ਲੁਧਿਆਣਾ।
ਪੰਜਾਬੀਆਂ ਨੂੰ ਰੋਜ਼ਗਾਰ ਕਿਉਂ ਨਹੀਂ
ਪੰਜਾਬ ਦੇ ਬਹੁਤ ਸਾਰੇ ਨਿੱਜੀ ਸਕੂਲਾਂ ਵਿਚ ਦੇਸ਼ ਦੇ ਹੋਰ ਸੂਬਿਆਂ ਦੇ ਅਧਿਆਪਕ ਰੱਖੇ ਹੋਏ ਹਨ। ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਸਾਧਾਰਨ ਲੋਕਾਂ ਨੂੰ ਸਬਜ਼ ਬਾਗ਼ ਵਿਖਾਏ ਜਾਂਦੇ ਹਨ ਕਿ ਸਾਡੇ ਕੋਲ ਸਾਰਾ ਅਧਿਆਪਕ ਅਮਲਾ ਹੋਰ ਸੂਬੇ ਦਾ ਹੈ। ਪਹਿਲੀ ਗੱਲ ਤਾਂ ਦੂਜੇ ਸੂਬੇ ਦੇ ਅਧਿਆਪਕ ਨੂੰ ਪੂਰੀ ਤਰ੍ਹਾਂ ਪੰਜਾਬ ਦੇ ਸੱਭਿਆਚਾਰ/ਇਤਿਹਾਸ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ। ਜਿਸ ਕਰਕੇ ਵਿਦਿਆਰਥੀ ਜਾਣਕਾਰੀ ਤੋਂ ਕੋਰਾ ਹੀ ਰਹਿ ਜਾਂਦਾ ਹੈ। ਮਾਪਿਆਂ ਨੂੰ ਵੀ ਇਸ ਸ਼ੋਸ਼ੇਬਾਜ਼ੀ ਤੋਂ ਬਾਜ਼ ਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਬੱਚੇ ਸਥਾਨਕ ਸੱਭਿਆਚਾਰ ਅਤੇ ਇਤਿਹਾਸ ਤੋਂ ਕੋਰੇ ਹੀ ਨਾ ਰਹਿ ਜਾਣ। ਪੰਜਾਬੀਆਂ ਦੀ ਤਾਂ ਉਹ ਗੱਲ ਹੈ 'ਅਖੇ ਘਰ ਦਾ ਯੋਗੀ ਯੋਗ ਨਾ ਬਾਹਰ ਦਾ ਯੋਗੀ ਸਿੱਧ' ਦੂਜੀ ਗੱਲ ਪੰਜਾਬ ਵਿਚ ਵੀ ਬਹੁਤ ਜ਼ਿਆਦਾ ਲੋਕ ਪੜ੍ਹੇ ਲਿਖੇ ਹਨ, ਕੀ ਉਨ੍ਹਾਂ ਨੂੰ ਇੱਥੇ ਰੁਜ਼ਗਾਰ ਦੇ ਕੇ ਪੰਜਾਬ ਦੀ ਬੇਰੁਜ਼ਗਾਰੀ ਨੂੰ ਨਹੀਂ ਘਟਾਇਆ ਜਾ ਸਕਦਾ...? ਲੋੜ ਹੈ ਪੰਜਾਬੀਆਂ ਨੂੰ ਜਾਗਰੂਕ ਹੋਣ ਦੀ ਤਾਂ ਕਿ ਪੰਜਾਬ ਦਾ ਸੱਭਿਆਚਾਰ, ਇਤਿਹਾਸ ਤੇ ਰੁਜ਼ਗਾਰ ਬਚਾਇਆ ਜਾ ਸਕੇ।
-ਅੰਗਰੇਜ਼ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਮਹਿੰਗਾਈ ਦਾ ਸਮਾਜ 'ਤੇ ਅਸਰ
ਅਜੋਕੇ ਸਮੇਂ ਵਿਚ ਮਹਿੰਗਾਈ ਨੇ ਸਮਾਜ 'ਤੇ ਬਹੁਤ ਡੂੰਘਾ ਪ੍ਰਭਾਵ ਪਾਇਆ ਹੈ ਕਿਉਂਕਿ ਇਹ ਆਰਥਿਕ, ਸਮਾਜਿਕ ਅਤੇ ਰਾਜਨੀਤਕ ਤੌਰ 'ਤੇ ਦੇਸ਼ ਨੂੰ ਪ੍ਰਭਾਵਿਤ ਕਰ ਰਹੀ ਹੈ। ਇਸ ਨਾਲ ਲੋਕਾਂ ਦੀ ਖਰੀਦਦਾਰੀ ਸਮਰੱਥਾ, ਸਿਹਤ ਸਿੱਖਿਆ ਆਦਿ ਸਭ ਖੇਤਰਾਂ 'ਤੇ ਵੀ ਵੱਡਾ ਅਸਰ ਪੈਂਦਾ ਹੈ। ਇਸ ਲਈ ਸਰਕਾਰਾਂ ਨੂੰ ਉਚਿਤ ਨੀਤੀਆਂ ਅਤੇ ਅਦਾਇਗੀ ਯੋਜਨਾਵਾਂ ਲਾਗੂ ਕਰਨੀਆਂ ਚਾਹੀਦੀਆਂ ਹਨ, ਜੋ ਮਹਿੰਗਾਈ ਨੂੰ ਨਿਯੰਤਰਿਤ ਕਰਨ ਅਤੇ ਲੋਕਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਮਦਦਗਾਰ ਸਾਬਤ ਹੋਣ।
-ਜਸਦੀਪ ਕੌਰ, ਅੜੈਚਾਂ।
ਸਾਵਧਾਨੀ ਵਰਤਣ ਦੀ ਲੋੜ
ਅੱਜ ਕੱਲ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ। ਕਈ ਵਾਰੀ ਮਨੁੱਖੀ ਗ਼ਲਤੀ ਕਾਰਨ ਜਾਂ ਕੁਦਰਤੀ ਕਾਰਨਾਂ ਕਰਕੇ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਲੱਗ ਜਾਂਦੀ ਹੈ। ਅਜਿਹੀਆਂ ਘਟਨਾਵਾਂ ਹਰ ਸਾਲ ਹੀ ਵਾਪਰਦੀਆਂ ਹਨ। ਪਿੰਡ ਦੇ ਲੋਕਾਂ ਨੂੰ ਪਾਣੀ ਦੇ ਵੱਡੇ ਡਰਮ ਭਰ ਕੇ ਰੱਖਣੇ ਚਾਹੀਦੇ ਹਨ। ਇਸ ਤੋਂ ਇਲਾਵਾ ਬਿਜਲੀ ਦੇ ਟਰਾਂਸਫਾਰਮਰਾਂ ਦੇ ਹੇਠਾਂ ਅਤੇ ਆਲੇ ਦੁਆਲੇ ਬੀਜੀ ਹੋਈ ਕਣਕ ਨੂੰ ਕੱਟ ਦੇਣਾ ਚਾਹੀਦਾ ਹੈ ਤਾਂ ਕਿ ਸ਼ਾਟ ਸਰਕਿਟ ਹੋਣ ਕਾਰਨ ਅੱਗ ਨਾ ਲੱਗੇ। ਸਾਨੂੰ ਆਪਣੇ ਟਰੈਕਟਰਾਂ ਦੇ ਪਿੱਛੇ ਕਲਟੀਵੇਟਰ, ਹੱਲ ਆਦਿ ਪਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਅੱਗ ਲੱਗਣ ਦੀ ਸੂਰਤ ਵਿਚ ਅੱਗ ਨੂੰ ਜ਼ਿਆਦਾ ਥਾਂ 'ਤੇ ਫੈਲਣ ਤੋਂ ਰੋਕਣ ਲਈ ਉਸ ਜ਼ਮੀਨ ਨੂੰ ਵਾਹ ਸਕੀਏ। ਸਾਨੂੰ ਪੱਕੀ ਹੋਈ ਕਣਕ ਦੀ ਫ਼ਸਲ ਦੇ ਨੇੜੇ ਅੱਗ ਨਹੀਂ ਬਾਲਣੀ ਚਾਹੀਦੀ। ਬੀੜੀ, ਸਿਗਰਟ ਆਦਿ ਨਹੀਂ ਪੀਣੀ ਚਾਹੀਦੀ। ਸਾਨੂੰ ਅੱਗ ਲੱਗਣ ਦੀ ਸੂਰਤ ਵਿਚ ਫੌਰਨ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਆਪਣੀ ਪਾਲੀ ਹੋਈ ਫ਼ਸਲ ਨੂੰ ਬਚਾ ਸਕਦੇ ਹਾਂ।
-ਡਾ. ਨਰਿੰਦਰ ਭੱਪਰ ਝਬੇਲਵਾਲੀ
ਸ੍ਰੀ ਮੁਕਤਸਰ ਸਾਹਿਬ।
ਪੁਲਿਸ ਵਰਦੀ ਦੀ ਗ਼ਲਤ ਵਰਤੋਂ ਨਾ ਕਰੋ
ਪੰਜਾਬ ਦੇ ਕੁਝ ਡੇਰਿਆਂ ਵਲੋਂ ਆਪਣੀ ਸੰਗਤ ਨੂੰ ਆਪਣੇ ਡੇਰੇ ਬਾਰੇ ਦੱਸਣ ਅਤੇ ਟਰੈਫਿਕ ਨੂੰ ਕੰਟਰੋਲ ਕਰਨ ਲਈ ਆਪਣੇ ਕੁਝ ਸੇਵਾਦਾਰਾਂ ਦੇ ਪੰਜਾਬ ਟ੍ਰੈਫਿਕ ਪੁਲਿਸ ਦੀ ਵਰਦੀ ਪਵਾਈ ਹੋਈ ਹੈ। ਜਿਸ ਵਿਚ ਟ੍ਰੈਫਿਕ ਪੁਲਿਸ ਦੀ ਤਰ੍ਹਾਂ ਹੀ ਨੀਲੀ ਦਸਤਾਰ, ਟੋਪੀ, ਸਫੈਦ ਕਮੀਜ਼, ਡੋਰੀ, ਬਲੈਕ ਜੁੱਤੇ ਅਤੇ ਸੀਟੀ ਬਿਲਕੁਲ ਪੰਜਾਬ ਟ੍ਰੈਫਿਕ ਪੁਲਿਸ ਤਰ੍ਹਾਂ ਲੱਗਦੇ ਹਨ। ਇਹ ਬਿਲਕੁਲ ਹੀ ਪੰਜਾਬ ਟ੍ਰੈਫਿਕ ਪੁਲਿਸ ਦਾ ਭੁਲੇਖਾ ਪਾ ਰਹੇ ਹਨ। ਇਹ ਲੋਕ ਐਤਵਾਰ ਵਾਲੇ ਦਿਨ ਪੁਲਿਸ ਵਰਦੀ ਪਾ ਕੇ ਸ਼ਰੇਆਮ ਮੁੱਖ ਸੜਕਾਂ 'ਤੇ ਖੜ੍ਹਦੇ ਹਨ। ਜਿਥੇ ਹਜ਼ਾਰਾਂ ਹੀ ਪੰਜਾਬ ਸਰਕਾਰ ਦੇ ਅਫ਼ਸਰ ਵੀ ਲੰਘਦੇ ਹਨ। ਪਰ ਇਨ੍ਹਾਂ ਲੋਕਾਂ ਨੂੰ ਕੋਈ ਵੀ ਨਹੀਂ ਰੋਕਦਾ। ਡੇਰਿਆਂ ਦੇ ਮੁਖੀਆਂ ਅਤੇ ਇੰਚਾਰਜਾਂ ਨੂੰ ਚਾਹੀਦਾ ਹੈ ਕਿ ਆਪਣੇ ਸੇਵਾਦਾਰਾਂ ਦੇ ਆਪਣੇ ਡੇਰੇ ਦੇ ਮੁਤਾਬਿਕ ਜੋ ਮਰਜ਼ੀ ਵਰਦੀ ਪਵਾਉਣ। ਪਰ ਡੇਰਿਆਂ ਦੇ ਸੇਵਾਦਾਰਾਂ ਵਲੋਂ ਪੰਜਾਬ ਟ੍ਰੈਫਿਕ ਪੁਲਿਸ ਦੀ ਵਰਦੀ ਪਾਉਣਾ ਗ਼ੈਰ ਕਾਨੂੰਨੀ ਅਤੇ ਕਾਨੂੰਨੀ ਜੁਰਮ ਹੈ। ਸਾਡੀ ਪੰਜਾਬ ਸਰਕਾਰ, ਪੰਜਾਬ ਦੇ ਡੀ.ਜੀ.ਪੀ. ਅਤੇ ਐਸ.ਐਸ.ਪੀ. ਸਾਹਿਬਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਆਪਣੇ-ਆਪਣੇ ਜ਼ਿਲ੍ਹਿਆਂ ਵਿਚ ਜੋ ਲੋਕ ਵੀ ਆਪਣੇ ਡੇਰਿਆਂ ਵਿਚ ਆਪਣੇ ਸੇਵਾਦਾਰਾਂ ਨੂੰ ਪੁਲਿਸ ਦੀ ਵਰਦੀ ਨਾਲ ਮੇਲ ਖਾਂਦੀ ਵਰਦੀ ਪਵਾਉਂਦੇ ਹਨ। ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ। ਕੋਈ ਵੀ ਪੁਲਿਸ ਨਾਲ ਮਿਲਦੀ ਜੁਲਦੀ ਵਰਦੀ ਨਾ ਪਾ ਸਕੇ।
-ਗੁਰਤੇਜ ਸਿੰਘ ਖੁਡਾਲ, ਭਾਗੂ ਰੋਡ, ਬਠਿੰਡਾ।
ਨਿਡਰ ਬਣੋ ਸਾਵਧਾਨ ਰਹੋ
ਕਈ ਵਾਰ ਆਲੇ ਦੁਆਲੇ ਹੋ ਰਹੇ ਅਪਰਾਧਾਂ ਨੂੰ ਦੇਖ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਅੱਜ ਦੇ ਸਮੇਂ ਵਿਚ ਕੋਈ ਵੀ ਵਿਅਕਤੀ ਵਿਸ਼ਵਾਸ ਕਰਨ ਯੋਗ ਨਹੀਂ ਰਿਹਾ, ਕਿਉਂਕਿ ਹਰ ਕੋਈ ਇਕ ਦੂਸਰੇ ਦਾ ਗ਼ਲਤ ਫਾਇਦਾ ਚੁੱਕਣਾ ਚਾਹੁੰਦਾ ਹੈ। ਅੱਜ ਦੇ ਸਮੇਂ ਵਿਚ ਕਿਸੇ ਅਣਜਾਣ ਵਿਅਕਤੀ ਨੂੰ ਆਪਣਾ ਫ਼ੋਨ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਕਿਸੇ 'ਤੇ ਵਿਸ਼ਵਾਸ ਕਰ ਕੇ ਉਸ ਨਾਲ ਤੁਰ ਨਹੀਂ ਪੈਣਾ ਚਾਹੀਦਾ। ਜੇ ਸਾਡੇ ਫ਼ੋਨ 'ਤੇ ਕਿਸੇ ਅਣਜਾਣ ਵਿਅਕਤੀ ਦਾ ਧਮਕੀ ਭਰਿਆ ਫੋਨ ਆਉਂਦਾ ਹੈ ਤਾਂ ਸਾਨੂੰ ਅਜਿਹੇ ਲੋਕਾਂ ਦੀ ਪੁਲਿਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਸਾਨੂੰ ਹਮੇਸ਼ਾ ਨਿਡਰ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ।
-ਰੇਖਾ ਰਾਣੀ, ਸਰਹਿੰਦ।