ਮੋਗਾ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਇਕ ਬਦਮਾਸ਼ ਨੂੰ ਲੱਗੀ ਗੋਲੀ

ਮੋਗਾ, 9 ਅਪ੍ਰੈਲ-ਪੁਲਿਸ ਵਲੋਂ ਲਗਾਤਾਰ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਦੇ ਚਲਦੇ ਤਿੰਨ ਬਦਮਾਸ਼ਾਂ ਨੂੰ ਸੀ.ਆਈ.ਏ. ਸਟਾਫ ਵਲੋਂ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਰਿਕਵਰੀ ਲਈ ਲੈ ਕੇ ਆਏ ਬਦਮਾਸ਼ਾਂ ਵਲੋਂ ਪੁਲਿਸ ਦੇ ਉੱਪਰ ਕੀਤੀ ਗਈ ਫਾਇਰਿੰਗ ਦੌਰਾਨ ਜਵਾਬੀ ਫਾਇਰਿੰਗ ਵਿਚ ਇਕ ਬਦਮਾਸ਼ ਦੇ ਲੱਤ ਵਿਚ ਗੋਲੀ ਲੱਗੀ ਤੇ ਤਿੰਨੇ ਬਦਮਾਸ਼ਾਂ ਨੂੰ ਮੌਕੇ ਉਤੇ ਕਾਬੂ ਕਰ ਲਿਆ ਗਿਆ।
ਜਾਣਕਾਰੀ ਦਿੰਦਿਆਂ ਐਸ.ਪੀ. ਡੀ. ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੋਟਕਪੂਰਾ ਬਾਈਪਾਸ ਸਾਈਂ ਧਾਮ ਪਿੱਛੇ ਕੁਝ ਬਦਮਾਸ਼ ਵਾਰਦਾਤ ਨੂੰ ਅੰਜਾਮ ਦੇਣ ਲਈ ਆਏ ਹੋਏ ਹਨ। ਸਾਡੀ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ ਸਵਾ 9 ਲੱਖ ਡਰੱਗ ਮਨੀ, 2 ਪਿਸਟਲ, 12 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਅਤੇ ਅੱਜ ਉਨ੍ਹਾਂ ਨੂੰ ਪੁੱਛਗਿੱਛ ਦੌਰਾਨ ਰਿਕਵਰੀ ਲਈ ਲੈ ਕੇ ਆਉਣ ਉਤੇ ਬਦਮਾਸ਼ਾਂ ਵਲੋਂ ਪੁਲਿਸ ਪਾਰਟੀ ਨੂੰ ਧੱਕਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਰਿਵਾਲਵਰ ਨਾਲ ਫਾਇਰ ਕਰਨਾ ਸ਼ੁਰੂ ਕਰ ਦਿੱਤਾ। ਜਵਾਬੀ ਕਾਰਵਾਈ ਵਿਚ ਪੁਲਿਸ ਪਾਰਟੀ ਨੇ ਫਾਇਰ ਕੀਤੇ, ਜਿਸ ਵਿਚ ਇਕ ਗੈਂਗਸਟਰ ਗੁਰਜੰਟ ਸਿੰਘ ਦੀ ਲੱਤ ਵਿਚ ਗੋਲੀ ਲੱਗੀ ਅਤੇ ਰੋਸ਼ਨ ਸਿੰਘ ਅਤੇ ਆਕਾਸ਼ ਸਮੇਤ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ। ਗੁਰਜੰਟ ਸਿੰਘ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ। ਇਨ੍ਹਾਂ ਉੱਪਰ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਤਹਿਤ ਅਤੇ ਕਤਲ ਦੇ ਮਾਮਲੇ ਦਰਜ ਹਨ। ਗੁਰਜੰਟ ਸਿੰਘ ਅਜਨਾਲਾ ਕਤਲ ਕੇਸ ਵਿਚ ਵੀ ਭਗੌੜਾ ਸੀ ਜੋ ਕਿ ਡੋਨੀ ਬਲ ਗੈਂਗਸਟਰ ਦਾ ਸ਼ੂਟਰ ਦੱਸਿਆ ਜਾ ਰਿਹਾ ਹੈ।