ਪੰਜਾਬ ਦੇ ਸਿੱਖਿਆ ਮੰਤਰੀ ਬੈਂਸ ਵਲੋਂ ਸਰਹੱਦੀ ਖੇਤਰ ਦੇ ਸਕੂਲਾਂ 'ਚ ਇਮਾਰਤਾਂ ਦਾ ਉਦਘਾਟਨ

ਖੇਮਕਰਨ, 9 ਅਪ੍ਰੈਲ (ਰਾਕੇਸ਼ ਬਿੱਲਾ)-ਸਰਹੱਦੀ ਖੇਤਰ ਵਿਚਲੇ ਸਰਕਾਰੀ ਸਕੂਲਾਂ ਵਿਚ ਇਮਾਰਤਾਂ ਨੂੰ ਸ਼ਾਨਦਾਰ ਬਣਾਉਣ ਦੇ ਨਾਲ ਵਿਦਿਆਰਥੀਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। 'ਆਪ' ਸਰਕਾਰ ਵਲੋਂ ਹੁਣ ਤੱਕ ਖੇਮਕਰਨ ਹਲਕੇ ਵਿਚ ਕਰੀਬ 35 ਕਰੋੜ ਦੀ ਰਾਸ਼ੀ ਸਕੂਲਾਂ ਉਤੇ ਖਰਚ ਕੀਤੀ ਜਾ ਚੁੱਕੀ ਹੈ। ਇਹ ਦਾਅਵਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਹੱਦ ਦੇ ਵੱਖ-ਵੱਖ ਪਿੰਡਾਂ ਕਲਸ, ਮੱਸਤਗੜ੍ਹ, ਮਹਿੰਦੀਪੁਰ ਤੇ ਖੇਮਕਰਨ ਸ਼ਹਿਰ ਵਿਚ ਸਰਕਾਰੀ ਸਕੂਲਾਂ ਵਿਚ ਲੱਖਾਂ ਦੀ ਲਾਗਤ ਨਾਲ ਉਸਾਰੀਆਂ ਗਈਆਂ ਇਮਾਰਤਾਂ ਦਾ ਉਦਘਾਟਨ ਦੌਰਾਨ ਕੀਤਾ। ਇਸ ਦੌਰਾਨ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੀ ਨਾਲ ਸਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਹੁਣ ਸਟਾਫ ਤੇ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ। ਇਸ ਕਰਕੇ ਸਰਕਾਰੀ ਸਕੂਲਾਂ ਦੇ ਨਤੀਜੇ ਬਹੁਤ ਸ਼ਾਨਦਾਰ ਆਉਣ ਲੱਗ ਪਏ ਹਨ। ਸਰਹੱਦੀ ਖੇਤਰ ਦੇ ਸਕੂਲਾਂ ਵਿਚ ਜਿਥੇ ਪਹਿਲੀਆਂ ਸਰਕਾਰਾਂ ਸਮੇਂ ਇਕ-ਇਕ ਕਮਰੇ ਸਨ। ਉਥੇ ਅੱਜ ਸਮਾਰਟ ਕਲਾਸ ਰੂਮ ਬਣ ਚੁੱਕੇ ਹਨ।ਪਹਿਲੀਆਂ ਸਰਕਾਰਾਂ ਦੇ ਸਿੱਖਿਆ ਮੰਤਰੀ ਸ਼ਾਇਦ ਕਿਤੇ ਪੱਛੜੇ ਇਲਾਕੇ ਦੇ ਸਕੂਲਾਂ ਵਿਚ ਗੇੜਾ ਮਾਰਦੇ ਹੋਣ ਪਰ ਇਸ ਸਰਕਾਰ ਦੇ ਸਿੱਖਿਆ ਮੰਤਰੀ ਦਾ ਇਹ ਦੂਜਾ ਦੌਰਾ ਹੈ ਤੇ ਤਬਦੀਲੀ ਸਾਰਿਆਂ ਸਾਹਮਣੇ ਨਜ਼ਰ ਆਉਣ ਲੱਗ ਪਈ ਹੈ। ਇਸੇ ਮੌਕੇ ਸਕੂਲਾਂ ਦੇ ਸਟਾਫ ਵਲੋਂ ਸਿੱਖਿਆ ਮੰਤਰੀ ਉਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ।