ਕਰਨਲ ਬਾਠ ਮਾਮਲਾ: ਐਸ. ਪੀ. ਮਨਜੀਤ ਸ਼ਿਓਰਨ ਕਰਨਗੇ ਨਵੀਂ ਸਿੱਟ ਦੀ ਅਗਵਾਈ
ਚੰਡੀਗੜ੍ਹ, 9 ਅਪ੍ਰੈਲ (ਕਪਿਲ ਵਧਵਾ)- ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਚੰਡੀਗੜ੍ਹ ਪੁਲਿਸ ਦੇ ਐਸ. ਪੀ. ਮਨਜੀਤ ਸ਼ਿਓਰਨ ਵਲੋਂ ਨਵੀਂ ਬਣੀ ਐਸ. ਆਈ. ਟੀ. ਦੀ ਅਗਵਾਈ ਕੀਤੀ ਜਾਵੇਗੀ ਅਤੇ ਸਿਟ ਵਿਚ ਇਕ ਡੀ. ਐਸ. ਪੀ., ਇਕ ਇੰਸਪੈਕਟਰ ਤੇ ਇਕ ਐਸ. ਆਈ. ਨੂੰ ਸ਼ਾਮਿਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ, ਪੰਜਾਬ ਪੁਲਿਸ ਨੇ ਇਸ ਘਟਨਾ ਦੀ ਜਾਂਚ ਲਈ ਕਈ ਐਸ.ਆਈ.ਟੀਜ਼. ਦਾ ਗਠਨ ਕੀਤਾ ਸੀ। ਸ਼ੁਰੂਆਤੀ ਟੀਮ ਦੀ ਅਗਵਾਈ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਐਸ.ਪੀ.ਐਸ. ਪਰਮਾਰ ਕਰ ਰਹੇ ਸਨ, ਜਿਸ ਵਿਚ ਐਸ.ਐਸ.ਪੀ. ਸੰਦੀਪ ਮਲਿਕ ਅਤੇ ਐਸ.ਪੀ. ਮਨਪ੍ਰੀਤ ਸਿੰਘ ਮੈਂਬਰ ਸਨ। ਬਾਅਦ ਵਿਚ ਹੋਈਆਂ ਤਬਦੀਲੀਆਂ ਵਿਚ ਏ.ਡੀ.ਜੀ.ਪੀ. ਏ.ਐਸ. ਰਾਏ ਨੂੰ ਪਰਮਾਰ ਦੀ ਥਾਂ ਐਸ.ਆਈ.ਟੀ. ਦਾ ਮੁਖੀ ਬਣਾਇਆ ਗਿਆ, ਜਦੋਂ ਕਿ ਮਲਿਕ ਅਤੇ ਸਿੰਘ ਆਪਣੀਆਂ ਭੂਮਿਕਾਵਾਂ ਵਿਚ ਬਣੇ ਰਹੇ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਚੰਡੀਗੜ੍ਹ ਪੁਲਿਸ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ, ਜਿਸ ਦੀ ਮਿਆਦ ਖਤਮ ਹੋਣ ਤੋਂ ਪਹਿਲਾਂ ਨਵੀਂ ਸਿਟ ਬਣਾਈ ਗਈ ਹੈ।