ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਗ੍ਰਨੇਡ ਹਮਲਾ: ਪੰਜ ਮੁਲਜ਼ਮਾਂ ਵਿਰੁੱਧ ਪ੍ਰੋਡਕਸ਼ਨ ਵਾਰੰਟ ਜਾਰੀ

ਚੰਡੀਗੜ੍ਹ, 9 ਅਪ੍ਰੈਲ (ਕਪਿਲ ਵਧਵਾ)- ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿਚ, ਅਦਾਲਤ ਨੇ ਬਲਜਿੰਦਰ ਸਿੰਘ ਉਰਫ਼ ਰੈਂਬੋ, ਨਿਸ਼ਾਨ ਸਿੰਘ, ਗੁਰਿੰਦਰ ਸਿੰਘ ਉਰਫ਼ ਭਿੰਦਾ, ਚੜ੍ਹਤ ਸਿੰਘ ਅਤੇ ਵਿਕਾਸ ਕੁਮਾਰ ਵਿਰੁੱਧ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਅਦਾਲਤ ਨੇ ਪ੍ਰਸ਼ਾਸਨ ਤੋਂ ਇਹ ਵੀ ਪੁੱਛਿਆ ਹੈ ਕਿ ਇਸ ਮਾਮਲੇ ਦੇ ਇਕ ਹੋਰ ਦੋਸ਼ੀ ਦਿਵਯਾਂਸ਼ੂ ਉਰਫ਼ ਗੁੱਡੂ ਨੂੰ ਕਿਹੜੀ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਅਦਾਲਤ ਨੇ ਇਸ ਸੰਬੰਧੀ ਇਕ ਹਫ਼ਤੇ ਦੇ ਅੰਦਰ ਪੂਰੀ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਹਨ। ਦੱਸ ਦੇਈਏ ਕਿ ਸਾਲ 2022 ਵਿਚ ਮੁਹਾਲੀ ਦੇ ਸੈਕਟਰ 77 ਸਥਿਤ ਇੰਟੈਲੀਜੈਂਸ ਦੇ ਹੈਡਕੁਆਰਟਰ ’ਤੇ ਗ੍ਰਨੇਡ ਨਾਲ ਹਮਲਾ ਹੋਇਆ ਸੀ।