ਦੋਸਤ ਤੇ ਉਸਦੀ ਪਤਨੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 24 ਲੱਖ ਠੱਗਣ ਵਾਲੇ 'ਤੇ ਮਾਮਲਾ ਦਰਜ
.avif)
ਭਵਾਨੀਗੜ੍ਹ (ਸੰਗਰੂਰ), 8 ਅਪ੍ਰੈਲ (ਲਖਵਿੰਦਰ ਪਾਲ ਗਰਗ)-ਨੇੜਲੇ ਪਿੰਡ ਨਾਗਰਾ ਦੇ ਇਕ ਵਿਅਕਤੀ ਵਲੋਂ ਆਪਣੇ ਪਿੰਡ ਦੇ ਹੀ ਇਕ ਦੋਸਤ ਤੇ ਉਸ ਦੀ ਪਤਨੀ ਨੂੰ ਕਥਿਤ ਤੌਰ ’ਤੇ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਸਾਢੇ 24 ਲੱਖ ਰੁਪਏ ਦੇ ਕਰੀਬ ਦੀ ਠੱਗੀ ਮਾਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਹਰਮਨਜੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਨਾਗਰਾ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਲਿਖ਼ਤੀ ਸ਼ਿਕਾਇਤ ਕਰਕੇ ਦੱਸਿਆ ਕਿ ਉਸ ਦੇ ਬਚਪਨ ਦਾ ਦੋਸਤ ਖ਼ੁਸ਼ਪ੍ਰੀਤ ਸਿੰਘ ਗਗਣੀ ਪੁੱਤਰ ਕੋਰੀ ਸਿੰਘ ਵਾਸੀ ਨਾਗਰਾ ਜੋ ਕਿ ਕਾਫ਼ੀ ਸਮਾਂ ਵਿਦੇਸ਼ ਕਤਰ ਵਿਖੇ ਰਹਿ ਕੇ ਉਥੋਂ ਵਾਪਸ ਆ ਕੇ ਆਪਣੀ ਪਤਨੀ ਸਮੇਤ ਪਿੰਡ ਨਾਗਰਾ ਵਿਖੇ ਰਹਿਣ ਲੱਗ ਪਿਆ ਸੀ। ਉਹ ਆਪਣੇ ਚੰਗੇ ਭਵਿੱਖ ਲਈ ਆਪਣੀ ਪਤਨੀ ਸਮੇਤ ਵਿਦੇਸ਼ ਜਾਣਾ ਚਾਹੁੰਦਾ ਸੀ। ਪਿੰਡ ’ਚ ਰਹਿਣ ਕਰਕੇ ਉਸ ਦੀ ਖੁਸ਼ਪ੍ਰੀਤ ਸਿੰਘ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਆਸਟਰੇਲੀਆ ਭੇਜ ਸਕਦਾ ਹੈ, ਜਿਸ ਲਈ 35 ਲੱਖ ਦੇ ਕਰੀਬ ਖ਼ਰਚਾ ਆਵੇਗਾ, ਜਿਸ ਲਈ 25 ਲੱਖ ਰੁਪਏ ਪਹਿਲਾਂ ਖ਼ਰਚਣੇ ਪੈਣਗੇ। ਉਸ ਨੇ ਦੋਵਾਂ ਦਾ ਇਕ ਪਿੰਡ ਹੋਣ ਕਰਕੇ ਅਤੇ ਆਪਸ ਵਿਚ ਬਚਪਨ ਦੇ ਦੋਸਤ ਹੋਣ ਕਰਕੇ ਉਸ ’ਤੇ ਵਿਸ਼ਵਾਸ ਕਰ ਲਿਆ। ਉਸ ਨੇ ਆਪਣੇ ਤੇ ਰਿਸ਼ਤੇਦਾਰਾ ਕੋਲੋਂ ਰੁਪਇਆਂ ਦਾ ਇੰਤਜ਼ਾਮ ਕਰਕੇ ਕਰੀਬ ਸਾਢੇ 24 ਲੱਖ ਰੁਪਏ ਦੀ ਰਕਮ ਵੱਖ-ਵੱਖ ਤਰੀਕਾਂ ਉਤੇ ਉਸ ਦੇ ਦੱਸੇ ਹੋਏ ਬੈਂਕ ਖ਼ਾਤਿਆਂ ’ਚ ਅਤੇ ਕੁਝ ਰਕਮ ਨਕਦ ਦੇ ਦਿੱਤੀ ਸੀ।
ਇਸ ਤੋਂ ਇਲਾਵਾ ਉਸ ਨੇ ਦੋ ਸੋਨੇ ਦੀਆਂ ਚੇਨਾਂ ਵੀ ਦਿੱਤੀਆ, ਜਿਸ ਤੋਂ ਬਾਅਦ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਉਸ ਦੀ ਪਤਨੀ ਨੂੰ ਜੁਲਾਈ 2024 ਵਿਚ ਬਾਹਰ ਭੇਜ ਦੇਣਗੇ। ਉਸ ਦੀ ਪਤਨੀ ਨੂੰ ਭੇਜਣ ਲਈ ਇਨ੍ਹਾਂ ਵਲੋਂ ਦਿੱਤਾ ਗਿਆ ਵੀਜ਼ਾ ਵੀ ਜਾਅਲੀ ਨਿਕਲਿਆ। ਇਸ ਤੋਂ ਬਾਅਦ ਉਸ ਨੂੰ ਇਹ ਲਾਰੇ ਲਗਾਉਂਦੇ ਰਹੇ ਕਿ ਉਸ ਦੀ ਪਤਨੀ ਨੂੰ ਉਹ ਆਸਟਰੇਲੀਆ ਭੇਜ ਕੇ ਉਥੇ ਕੰਮ ਵੀ ਦਿਵਾ ਦੇਣਗੇ ਪਰ ਉਸ ਦੀ ਪਤਨੀ ਨੂੰ ਬਾਹਰ ਭੇਜਣ ਦਾ ਕੋਈ ਵੀ ਇੰਤਜ਼ਾਮ ਨਾ ਕੀਤਾ ਤੇ ਉਸ ਨੂੰ ਦਿੱਤਾ ਗਿਆ ਵੀਜ਼ਾ ਜਦੋਂ ਉਸ ਨੇ ਚੈੱਕ ਕਰਵਾਇਆ ਤਾਂ ਉਹ ਵੀ ਜਾਅਲੀ ਨਿਕਲਿਆ। ਫ਼ਿਰ ਉਸ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨਾਲ ਤਾਂ ਠੱਗੀ ਹੋਈ ਹੈ। ਇਸ ਤੋਂ ਬਾਅਦ ਜਦੋਂ ਉਸ ਨੇ ਆਪਣੇ ਦਿੱਤੇ ਹੋਏ ਰੁਪਏ ਉਸ ਕੋਲੋਂ ਵਾਪਸ ਮੰਗੇ ਤਾਂ ਉਹ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ, ਜਿਸ ਦੀ ਸ਼ਿਕਾਇਤ ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਕੋਲ ਕੀਤੀ। ਇਸ ਸਬੰਧੀ ਥਾਣਾ ਮੁਖੀ ਸਬ-ਇੰਸਪੈਕਟਰ ਗੁਰਨਾਮ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਿਸ ਨੇ ਹਰਮਨਜੀਤ ਸਿੰਘ ਵਾਸੀ ਪਿੰਡ ਨਾਗਰਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਖ਼ੁਸ਼ਪ੍ਰੀਤ ਸਿੰਘ ਗਗਣੀ ਪੁੱਤਰ ਕੋਰੀ ਸਿੰਘ ਵਾਸੀ ਨਾਗਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।